ਰਾਜਸਥਾਨ: ਰਾਜਸਥਾਨ ਦੇ ਜਾਲੋਰ ਜ਼ਿਲ੍ਹੇ ਦੀ ਇੱਕ ਪੰਚਾਇਤ ਨੇ ਇੱਕ ਅਜੀਬ ਫ਼ਰਮਾਨ ਜਾਰੀ ਕੀਤਾ ਹੈ। 26 ਜਨਵਰੀ ਤੋਂ 15 ਪਿੰਡਾਂ ਵਿੱਚ ਨੂੰਹਾਂ – ਧੀਆਂ ਲਈ ਕੈਮਰੇ ਵਾਲੇ ਫ਼ੋਨ ਵਰਤਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਜਨਤਕ ਇਕੱਠਾਂ ਜਾਂ ਗੁਆਂਢੀਆਂ ਦੇ ਘਰਾਂ ਵਿੱਚ ਫ਼ੋਨ ਲੈ ਕੇ ਜਾਣ ਦੀ ਵੀ ਮਨਾਹੀ ਹੋਵੇਗੀ। ਦਰਅਸਲ, ਐਤਵਾਰ ਨੂੰ ਗਾਜ਼ੀਪੁਰ ਪਿੰਡ ਵਿੱਚ ਜਲੌਰ ਜ਼ਿਲ੍ਹੇ ਦੇ ਸੁੰਧਾਮਾਤਾ ਪੱਟੀ ਦੇ ਚੌਧਰੀ ਭਾਈਚਾਰੇ ਦੀ ਮੀਟਿੰਗ ਹੋਈ। ਇਹ ਫੈਸਲਾ 14 ਪੱਟੀ ਦੇ ਪ੍ਰਧਾਨ ਸੁਜਾਨਰਾਮ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬਰਾਦਰੀ ਦੀਆਂ ਧੀਆਂ-ਭੈਣਾਂ ਲਈ ਕੀਤਾ ਗਿਆ।
ਫੈਸਲੇ ਅਨੁਸਾਰ ਔਰਤਾਂ ਸਮਾਰਟ ਫੋਨ ਦੀ ਬਜਾਏ ਕੀਪੈਡ ਫੋਨ ਦੀ ਵਰਤੋਂ ਕਰ ਸਕਣਗੀਆਂ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਔਰਤਾਂ ਦੇ ਮੋਬਾਈਲ ਫੋਨਾਂ ਨੂੰ ਬੱਚੇ ਵਰਤਦੇ ਹਨ, ਅਤੇ ਇਸ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ। ਇਹ ਨਿਯਮ ਜਾਲੌਰ ਜ਼ਿਲ੍ਹੇ ਦੇ ਗਾਜੀਪੁਰਾ, ਪਵਾਲੀ, ਕਾਲੜਾ, ਮਨੋਜੀਆ ਵਾਸ, ਰਾਜੀਕਾਵਾਸ, ਦਾਤਲਾਵਾਸ, ਰਾਜਪੁਰਾ, ਕੋਡੀ, ਸਿਦਰੋੜੀ, ਅਲਦੀ, ਰੋਪਸੀ, ਖਾਨਦੇਵਾਲ, ਸਵਿਧਰ, ਭੀਨਮਾਲ ਦੇ ਹਥਮੀ ਕੀ ਢਾਣੀ ਅਤੇ ਖਾਨਪੁਰ ਵਿੱਚ ਲਾਗੂ ਹੋਣਗੇ।
ਪੰਚ ਹਿੰਮਤਰਾਮ ਨੇ ਦੱਸਿਆ ਕਿ ਕਰਨੋਲ ਦੇ ਦੇਵਰਾਮ ਨੇ ਇਹ ਪ੍ਰਸਤਾਵ ਰੱਖਿਆ ਸੀ। ਵਿਚਾਰ-ਵਟਾਂਦਰੇ ਤੋਂ ਬਾਅਦ, ਸਾਰੇ ਪੰਚਾਂ ਅਤੇ ਲੋਕਾਂ ਨੇ ਫੈਸਲਾ ਕੀਤਾ ਕਿ 15 ਪਿੰਡਾਂ ਦੀਆਂ ਨੂੰਹਾਂ- ਧੀਆਂ ਕੋਲ ਫ਼ੋਨ ਕਾਲਾਂ ਲਈ ਕੀਪੈਡ ਫ਼ੋਨ ਹੋਣਗੇ। ਇਸ ਤੋਂ ਇਲਾਵਾ, ਜੇਕਰ ਪੜ੍ਹਾਈ ਕਰ ਰਹੀਆਂ ਕੁੜੀਆਂ ਲਈ ਮੋਬਾਈਲ ਫ਼ੋਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਉਹ ਘਰ ਬੈਠੇ ਹੀ ਪੜ੍ਹਾਈ ਕਰਨਗੀਆਂ। ਇਸਦਾ ਮਤਲਬ ਹੈ ਕਿ ਉਹ ਘਰ ਬੈਠੇ ਹੀ ਮੋਬਾਈਲ ਫ਼ੋਨ ਦੀ ਵਰਤੋਂ ਕਰ ਸਕਣਗੀਆਂ ਪਰ ਘਰ ਤੋਂ ਬਾਹਰ ਮੋਬਾਈਲ ਵਰਤੋਂ ਤੇ ਪਾਬੰਦੀ ਰਹੇਗੀ। ਵਿਆਹਾਂ, ਸਮਾਜਿਕ ਸਮਾਗਮਾਂ ਜਾਂ ਗੁਆਂਢੀਆਂ ਦੇ ਘਰਾਂ ਵਿੱਚ ਵੀ ਮੋਬਾਈਲ ਫੋਨ ਨਹੀਂ ਲਿਜਾਇਆ ਜਾ ਸਕੇਗਾ। ਪ੍ਰਧਾਨ ਸੁਜਾਨਾਰਾਮ ਨੇ ਕਿਹਾ ਕਿ ਐਤਵਾਰ ਨੂੰ ਹੋਈ ਇਸ ਮੀਟਿੰਗ ਵਿੱਚ ਮੋਬਾਈਲ ਫੋਨ ਦੀ ਵਰਤੋਂ ਸੰਬੰਧੀ ਨਿਯਮ ਲਾਗੂ ਕੀਤੇ ਗਏ ਹਨ।














