ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ ਜਦੋਂ ਉਹ 15 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ ਤਾਂ ਇਸਦਾ ਸਿੱਧਾ ਪ੍ਰਸਾਰਣ ਸਾਰੇ ਚੈਨਲਾਂ ‘ਤੇ ਕੀਤਾ ਜਾਵੇ। ਉਨ੍ਹਾਂ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ

ਜਿਸ ‘ਚ ਉਨ੍ਹਾਂ ਕਿਹਾ ਕਿ “ਪੂਰੀ ਦੁਨੀਆ ‘ਚੋਂ ਮੈਨੂੰ ਸੁਨੇਹੇ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ-ਕਿਤਾਬ ਲੈ ਕੇ ਜਾਵਾਂਗੇ..ਸਾਰੇ ਚੈਨਲਾਂ ਤੇ live telecast ਹੋਣਾ ਚਾਹੀਦੈ..ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ,ਮਿਲਦੇ ਹਾਂ ਜੀ 15 ਜਨਵਰੀ ਨੂੰ,ਸਬੂਤਾਂ ਸਮੇਤ”

ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਕੱਤਰੇਤ ’ਚ ਤਲਬ ਕੀਤਾ ਹੈ। ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਇਸ ਸਬੰਧੀ ਮੁੱਖ ਮੰਤਰੀ ਦੇ ਨਾਮ ਪੱਤਰ ਭੇਜਿਆ। ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਅਕਾਲ ਤਖ਼ਤ ਦੀ ਸਰਵਉੱਚਤਾ, ਮਾਣ ਮਰਿਆਦਾ ਅਤੇ ਗੁਰੂ ਦੀ ਗੋਲਕ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਜਥੇਦਾਰ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ “ਉਹ ਇੱਕ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਉਸੇ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਅਸਮਰੱਥਾ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ..
ਦਾਸ ਮੁੱਖ ਮੰਤਰੀ ਵਜੋਂ ਨਹੀਂ ਨਿਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਹਾਜਰ ਹੋਵੇਗਾ, ਦਾਸ 15 ਜਨਵਰੀ ਨੂੰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਜੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਕਾਨਫਰੰਸ ‘ਚ ਹਿੱਸਾ ਲੈਣ ਆ ਰਹੇ ਨੇ.. ਉਸ ਦਿਨ ਲਈ ਮਾਫੀ ਵੀ ਮੰਗਦਾ ਹੈ ਕਿਉਂਕਿ ਮੇਰੇ ਲਈ ਸਭ ਤੋਂ ਉੱਤਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਉਸ ਪਾਵਨ ਤਖ਼ਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ,ਸੀ ਅਤੇ ਹਮੇਸ਼ਾ ਰਹੇਗਾ”