ਸਿੰਗਾਪੁਰ: ਸਿੰਗਾਪੁਰ ਦੇ ਇਕ ਸਪੋਰਟਸ ਸਕੂਲ ਵਿਚ ਪਿਛਲੇ ਹਫਤੇ ਫਿਟਨੈੱਸ ਟੈਸਟ ਤੋਂ ਬਾਅਦ ਬੀਮਾਰ ਹੋਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਹੋ ਗਈ ਹੈ। ਸਕੂਲ ਨੇ ਕਿਹਾ ਕਿ ਉਸ ਨੇ 14 ਸਾਲਾ ਵਿਦਿਆਰਥੀ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਪ੍ਰਣਵ ਮਧਾਈਕ 5 ਅਕਤੂਬਰ ਨੂੰ 400 ਮੀਟਰ ਫਿਟਨੈੱਸ ਟੈਸਟ ਤੋਂ ਬਾਅਦ ਬੀਮਾਰ ਹੋ ਗਿਆ ਸੀ। ਖ਼ਬਰਾਂ ਮੁਤਾਬਕ ਪ੍ਰਣਵ ਸਿੰਗਾਪੁਰ ਬੈਡਮਿੰਟਨ ਐਸੋਸੀਏਸ਼ਨ ਦੇ ਰਾਸ਼ਟਰੀ ਇੰਟਰਮੀਡੀਏਟ ਗਰੁੱਪ ਦਾ ਹਿੱਸਾ ਸੀ । ਪ੍ਰਣਵ ਨੂੰ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਵਿਦਿਆਰਥੀ ਦਾ ਅੰਤਿਮ ਸਸਕਾਰ ਬੁਧਵਾਰ ਸ਼ਾਮ ਨੂੰ ਕੀਤਾ ਗਿਆ। ਸਪੋਰਟਸ ਸਕੂਲ ਦੇ ਹਵਾਲੇ ਨਾਲ ਕਿਹਾ ਗਿਆ, “ਅਸੀਂ ਮਾਮਲੇ ਦੀ ਵਿਸਤ੍ਰਿਤ ਜਾਂਚ ਕਰਾਂਗੇ ਅਤੇ ਅਪਣੇ ਸੁਰੱਖਿਆ ਨਿਯਮਾਂ ਦੀ ਸਮੀਖਿਆ ਕਰਾਂਗੇ। ਇਸ ਦੇ ਨਾਲ ਹੀ ਪ੍ਰਵਾਰ ਵਾਲਿਆਂ ਨੂੰ ਵੀ ਸਾਰੀ ਜਾਣਕਾਰੀ ਦਿਤੀ ਜਾਵੇਗੀ।
ਰੀਪੋਰਟ ਦੇ ਅਨੁਸਾਰ ਸਕੂਲ ਨੇ ਕਿਹਾ, ‘ਕਿਉਂਕਿ ਜਾਂਚ ਜਾਰੀ ਹੈ, ਅਸੀਂ ਇਸ ਸਮੇਂ ਹੋਰ ਜਾਣਕਾਰੀ ਦੇਣ ਦੇ ਯੋਗ ਨਹੀਂ ਹੋਵਾਂਗੇ। ਸੋਗ ਦੀ ਇਸ ਘੜੀ ਵਿਚ ਅਸੀਂ ਪ੍ਰਵਾਰ ਦੀ ਨਿੱਜਤਾ ਨੂੰ ਸਮਝਦੇ ਹੋਏ ਲੋਕਾਂ ਦਾ ਸਹਿਯੋਗ ਮੰਗਦੇ ਹਾਂ’। ਸਕੂਲ ਅਨੁਸਾਰ, ਪ੍ਰਣਵ ਇਕ ਰੋਲ ਮਾਡਲ ਵਿਦਿਆਰਥੀ ਸੀ, ਇਕ ਸ਼ਾਨਦਾਰ ਬੈਡਮਿੰਟਨ ਖਿਡਾਰੀ ਸੀ, ਅਤੇ ਉਸ ਦਾ ਵਿਵਹਾਰ ਬਹੁਤ ਵਧੀਆ ਸੀ। ਸਕੂਲ ਨੇ ਇਹ ਵੀ ਕਿਹਾ ਕਿ ਉਹ ਪ੍ਰਣਵ ਦੇ ਪ੍ਰਵਾਰ ਦੀ ਮਦਦ ਕਰਨਾ ਜਾਰੀ ਰੱਖੇਗਾ। ਸਕੂਲ ਦੇ ਫੇਸਬੁੱਕ ਪੇਜ ‘ਤੇ ਪ੍ਰਵਣ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਮੁਤਾਬਕ ਪ੍ਰਣਵ ਦੇ ਪ੍ਰਵਾਰ ‘ਚ ਉਸ ਦੇ ਪਿਤਾ ਪ੍ਰੇਮ ਸਿੰਘ ਮਧਾਈਕ, ਮਾਂ ਰੀਟਾ ਮਧਾਈਕ, ਦੋ ਭਰਾ ਪ੍ਰਤਿਊਸ਼ ਅਤੇ ਪ੍ਰਕ੍ਰਿਤ ਮਧਾਈਕ ਹਨ।