ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਕਈ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਪੱਛਮੀ ਏਸ਼ੀਆ ਖੇਤਰ ਵਿੱਚ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਲਗਭਗ 12 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਕੁਝ ਹੋਰ ਪ੍ਰਭਾਵਿਤ ਹੋਈਆਂ।
ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਐਕਸਪ੍ਰੈਸ ਦੀਆਂ ਦੁਬਈ-ਅੰਮ੍ਰਿਤਸਰ, ਅੰਮ੍ਰਿਤਸਰ-ਦੁਬਈ, ਸ਼ਾਰਜਾਹ-ਅੰਮ੍ਰਿਤਸਰ, ਅਤੇ ਅੰਮ੍ਰਿਤਸਰ-ਸ਼ਾਰਜਾਹ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਏਅਰ ਇੰਡੀਆ ਦੀਆਂ ਲੰਡਨ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਬਰਮਿੰਘਮ (AI-117) ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ।
ਇਸਤੋਂ ਇਲਾਵਾ ਸਪਾਈਸਜੈੱਟ ਦੀਆਂ ਦੁਬਈ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਦੁਬਈ ਉਡਾਣਾਂ ਅਤੇ ਇੰਡੀਗੋ ਦੀਆਂ ਸ਼ਾਰਜਾਹ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਸ਼ਾਰਜਾਹ (6E-147) ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ। ਕਤਰ ਏਅਰਵੇਜ਼ ਦੀਆਂ ਦੋਹਾ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਦੋਹਾ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਉਡਾਣ ਰੱਦ ਹੋਣ ਕਾਰਨ ਹਵਾਈ ਅੱਡੇ ‘ਤੇ ਬਹੁਤ ਸਾਰੇ ਯਾਤਰੀਆਂ ਨੂੰ ਅਸੁਵਿਧਾ ਹੋਈ ।
ਜਾਣਕਾਰੀ ਦਿੰਦਿਆਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਪੱਛਮੀ ਏਸ਼ੀਆ ਖੇਤਰ ਵਿੱਚ ਚੱਲ ਰਹੇ ਤਣਾਅ ਅਤੇ ਕੁਝ ਹਵਾਈ ਮਾਰਗਾਂ ਦੇ ਬੰਦ ਹੋਣ ਕਾਰਨ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ‘ਤੇ ਅਸਰ ਪਿਆ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਅਸੁਵਿਧਾ/ ਪ੍ਰੇਸ਼ਾਨੀ ਤੋਂ ਬਚਣ ਲਈ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਸਬੰਧਤ ਏਅਰਲਾਈਨ ਦੀ ਵੈੱਬਸਾਈਟ ਜਾਂ ਹੈਲਪਲਾਈਨ ‘ਤੇ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ।
ਦੱਸ ਦਈਏ ਕਿ ਈਰਾਨ-ਇਜ਼ਰਾਈਲ ਜੰਗ ਕਾਰਨ ਮੱਧ ਪੂਰਬ ਵਿੱਚ ਵਧਦੇ ਸੰਕਟ ਅਤੇ ਏਅਰਸਪੇਸ ਬੰਦ ਹੋਣ ਦੀ ਸਥਿਤੀ ਦਰਮਿਆਨ, ਜਿੱਥੇ ਭਾਰਤੀ ਏਅਰਲਾਈਨਾਂ ਨੂੰ ਵੱਡੇ ਪੱਧਰ ‘ਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨੀਆਂ ਪਈਆਂ ਹਨ, ਉੱਥੇ ਹੀ ਏਅਰ ਇੰਡੀਆ ਐਕਸਪ੍ਰੈਸ ਨੇ 6 ਮਾਰਚ ਨੂੰ ਮਸਕਟ ਲਈ ਆਪਣੀਆਂ ਨਿਯਮਤ ਉਡਾਣਾਂ ਦੇ ਸੰਚਾਲਨ ਦੀ ਪੁਸ਼ਟੀ ਕੀਤੀ ਹੈ। ਏਅਰਲਾਈਨ ਵੱਲੋਂ ਦੱਸਿਆ ਗਿਆ ਕਿ ਦਿੱਲੀ, ਕੋਚੀ, ਕੋਝੀਕੋਡ, ਮੰਗਲੁਰੂ, ਮੁੰਬਈ ਅਤੇ ਤਿਰੂਚਿਰਾਪੱਲੀ ਤੋਂ ਮਸਕਟ ਲਈ ਉਡਾਣਾਂ ਤੈਅ ਸਮੇਂ ‘ਤੇ ਚੱਲਣਗੀਆਂ। ਨਾਲ ਹੀ, ਯਾਤਰੀਆਂ ਦੀ ਸਹੂਲਤ ਲਈ ਯੂਏਈ (UAE) ਤੋਂ ਵੀ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ।














