ਸ੍ਰੀ ਆਨੰਦਪੁਰ ਸਾਹਿਬ,
ਸਰਕਾਰੀ ਕਾਲਜਾਂ ਵਿੱਚ ਨੌਕਰੀ ’ਤੇ ਹਾਜ਼ਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਨਾਲ ਸਬੰਧਤ ਉਮੀਦਵਾਰਾਂ ਵੱਲੋਂ ਸੂਬੇ ਦੇ ਸਿਖਿਆ ਮੰਤਰੀ ਹਰਜੋਤ ਬੈਂਸ ਦੇ ਜੱਦੀ ਪਿੰਡ ਗੰਭੀਰਪੁਰ ਨੇੜੇ ਪੱਕਾ ਧਰਨਾ ਲਗਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਵੱਲੋ ਆਪਣੀਆਂ ਪੱਕੀਆਂ ਨੌਕਰੀਆਂ ਇਸ ਆਸ ਵਿੱਚ ਤਿਆਗ ਦਿੱਤੀਆਂ ਗਈਆਂ ਸਨ ਕਿ ਹੁਣ ਉਨ੍ਹਾਂ ਕੋਲ ਪ੍ਰੋਫੈਸਰ ਬਣਨ ਲਈ ਨਿਯੁਕਤੀ ਪੱਤਰ ਹੱਥ ਵਿੱਚ ਹਨ, ਪ੍ਰੰਤੂ ਉਹ ਆਪਣੀ ਨਵੀਂ ਨੌਕਰੀ ਦੀ ਆਸ ਵਿੱਚ ਪਿਛਲੀ ਨੌਕਰੀ ਤੋਂ ਵੀ ਹੱਥ ਧੋ ਬੈਠੇ ਹਨ ਅਤੇ ਹੁਣ ਉਦਾਸੀ ਦੇ ਦੌਰ ਵਿੱਚੋਂ ਲੰਘ ਰਹੇ ਹਨ।
ਇਨ੍ਹਾਂ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ ਦੌਰਾਨ ਉਨ੍ਹਾਂ ਸਰਕਾਰ ਵੱਲੋਂ ਲਿਆ ਟੈਸਟ ਪਾਸ ਕੀਤਾ ਤੇ ਉਨ੍ਹਾਂ ਦੀ ਯੋਗਤਾ ਵੀ ਪੂਰੀ ਹੈ ਪਰ ਇਸ ਸਭ ਦੇ ਬਾਵਜੂਦ ਉਹ ਦਰ- ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਨ੍ਹਾਂ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਉਨ੍ਹਾਂ ਨੂੰ ਧਰਨੇ ’ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅੱਜ ਧਰਨੇ ’ਤੇ ਮੌਜੂਦ ਇਨ੍ਹਾਂ ਉਮੀਦਵਾਰਾਂ ਨੇ ਮੰਗ ਕੀਤੀ ਕਿ ਉਨ੍ਹਾ ਨੂੰ ਸਰਕਾਰ ਜਲਦੀ ਸਰਕਾਰੀ ਕਾਲਜਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਭੇਜੇ ਤੇ ਜੇਕਰ ਸਰਕਾਰ ਟਾਲ-ਮਟੋਲ ਕਰੇਗੀ ਤਾਂ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਅੱਜ ਧਰਨੇ ’ਚ ਇਕੱਤਰ ਹੋਏ ਆਗੂਆਂ ਨੇ ਕਿਹਾ ਕਿ ਪੁਲੀਸ ਤੇ ਪ੍ਰਸ਼ਾਸ਼ਨ ਵੱਲੋਂ ਜਾਣ ਬੁੱਝ ਕੇ ਪ੍ਰੇਸ਼ਾਨ ਕਰਨ ਦੇ ਮੰਤਵ ਦੇ ਨਾਲ ਉਨ੍ਹਾਂ ਦੇ ਸਾਥੀਆਂ ਦੀਆਂ ਗੱਡੀਆਂ ਨੂੰ ਧਰਨਾ ਸਥਾਨ ’ਤੇ ਪੁੱਜਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਫਰੰਟ ਦੇ ਕਨਵੀਨਰ ਜਸਵਿੰਦਰ ਕੌਰ, ਕੋ-ਕਨਵੀਨਰ ਅਮਨਦੀਪ ਕੌਰ, ਗੁਰਜੰਟ ਸਿੰਘ, ਅੰਮ੍ਰਿਤ ਕੌਰ, ਪਰਮਿੰਦਰਜੀਤ ਕੌਰ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਆਂ ਨਾਲ ਸਬੰਧਤ ਉਮੀਦਵਾਰ ਮੌਜੂਦ ਸਨ।