ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੱਢੀ ਗਈ ਦੀਵਾਲੀ ਬੰਪਰ ਲਾਟਰੀ ਨੇ ਇੱਕ ਟਿਕਟ ਧਾਰਕ ਦੀ ਜ਼ਿੰਦਗੀ ਬਦਲ ਦਿੱਤੀ ਹੈ। ਬਠਿੰਡਾ ਤੋਂ ਖਰੀਦੀ ਗਈ ਟਿਕਟ ਨੇ 11 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ, ਪਰ ਜੇਤੂ ਨੇ ਸ਼ੁਰੂ ਵਿੱਚ ਆਪਣਾ ਇਨਾਮ ਨਹੀਂ ਲਿਆ ਕਿਉਂਕਿ ਉਸ ਦਾ ਫ਼ੋਨ ਖ਼ਰਾਬ ਹੋ ਗਿਆ ਸੀ ਅਤੇ ਸੰਪਰਕ ਨਹੀਂ ਹੋ ਸਕਿਆ। ਹੁਣ ਕਈ ਦਿਨਾਂ ਬਾਅਦ ਜੇਤੂ ਵਿਅਕਤੀ ਲਾਟਰੀ ਦੀ ਦੁਕਾਨ ‘ਤੇ ਪਹੁੰਚ ਕੇ ਆਪਣਾ ਇਨਾਮ ਲੈ ਰਿਹਾ ਹੈ। ਜੇਤੂ ਅਮਿਤ ਸੇਹਰਾ ਮੂਲ ਰੂਪ ਵਿੱਚ ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਦੇ ਕਠਪੁਤਲੀ ਪਿੰਡ ਦਾ ਵਾਸੀ ਹੈ ਅਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ।
ਅਮਿਤ ਨੇ ਦੱਸਿਆ ਕਿ ਉਹ ਗਲੀਆਂ ਵਿੱਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਸੀ ਅਤੇ ਲਾਟਰੀ ਜਿੱਤਣ ਨਾਲ ਉਸ ਦੀ ਕਿਸਮਤ ਬਦਲ ਗਈ ਹੈ। ਉਹ ਹਨੂੰਮਾਨ ਜੀ ਦਾ ਧੰਨਵਾਦ ਕਰਦਾ ਹੈ। ਅਮਿਤ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਟਿਕਟਾਂ ਖਰੀਦ ਰਿਹਾ ਹੈ। ਉਹ ਰਾਜਸਥਾਨ ਗਿਆ ਹੋਇਆ ਸੀ ਜਿੱਥੇ ਉਸ ਦਾ ਫ਼ੋਨ ਖ਼ਰਾਬ ਹੋ ਗਿਆ ਅਤੇ ਪੰਜਾਬ ਵਾਪਸ ਆਉਣ ਲਈ ਕਿਰਾਇਆ ਤੱਕ ਨਹੀਂ ਸੀ। ਹੁਣ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇਗਾ।
ਬਠਿੰਡਾ ਵਿੱਚ ਰਤਨ ਲਾਟਰੀ ਏਜੰਸੀ ਦੇ ਮਾਲਕ ਉਮੇਸ਼ ਕੁਮਾਰ ਨੇ ਜੇਤੂ ਦੀ ਭਾਲ ‘ਚ ਲੱਗੇ ਹੋਏ ਸਨ। ਨਤੀਜੇ ਆਉਣ ਤੋਂ ਬਾਅਦ ਉਹ ਬਹੁਤ ਉਤਸ਼ਾਹਿਤ ਸਨ ਕਿ ਟਿਕਟ ਕਿਸ ਨੇ ਖਰੀਦੀ ਹੈ।
ਜੇਕਰ ਜੇਤੂ 30 ਦਿਨਾਂ ਵਿੱਚ ਇਨਾਮ ਦਾ ਦਾਅਵਾ ਨਾ ਕਰਦਾ ਤਾਂ ਇਹ ਮੌਕਾ ਹੱਥੋਂ ਨਿਕਲ ਸਕਦਾ ਸੀ। ਇਸ ਲਈ ਲਾਟਰੀ ਵਾਲੇ ਨੇ ਸਾਰੇ ਟਿਕਟ ਧਾਰਕਾਂ ਨੂੰ ਆਪਣੀਆਂ ਟਿਕਟਾਂ ਚੈੱਕ ਕਰਨ ਅਤੇ ਇਨਾਮ ਜਿੱਤਣ ਵਾਲੇ ਨੂੰ ਤੁਰੰਤ ਸੰਪਰਕ ਕਰਨ ਦੀ ਵਾਰ ਵਾਰ ਅਪੀਲ ਕੀਤੀ ਸੀ।














