ਦੁਬਈ: ਈਰਾਨ ਦੇ ਅਸ਼ਾਂਤ ਦੱਖਣ-ਪੂਰਬੀ ਸਿਸਤਾਨ-ਬਲੋਚਿਸਤਾਨ ਸੂਬੇ ’ਚ ਸਨਿਚਰਵਾਰ ਨੂੰ ਪੁਲਿਸ ਕਾਫਲੇ ’ਤੇ ਹੋਏ ਹਮਲੇ ’ਚ ਘੱਟੋ-ਘੱਟ 10 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਇਹ ਹਮਲਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਕਰੀਬ 1200 ਕਿਲੋਮੀਟਰ ਦੱਖਣ-ਪੂਰਬ ’ਚ ਸਥਿਤ ਗੌਹਰ ਕੁਹ ’ਚ ਹੋਇਆ। ਸ਼ੁਰੂਆਤੀ ਰੀਪੋਰਟਾਂ ਵਿਚ ਸਿਰਫ ਇਹ ਕਿਹਾ ਗਿਆ ਸੀ ਕਿ ਹਮਲਾ ਸ਼ਰਾਰਤੀ ਅਨਸਰਾਂ ਨੇ ਕੀਤਾ ਸੀ ਪਰ ਇਸ ਤੋਂ ਤੁਰਤ ਬਾਅਦ ਈਰਾਨ ਦੇ ਸਰਕਾਰੀ ਮੀਡੀਆ ਨੇ ਦਸਿਆ ਕਿ 10 ਅਧਿਕਾਰੀ ਮਾਰੇ ਗਏ ਹਨ।

ਅਫਗਾਨਿਸਤਾਨ, ਈਰਾਨ ਅਤੇ ਪਾਕਿਸਤਾਨ ’ਚ ਰਹਿ ਰਹੇ ਬਲੋਚ ਲੋਕਾਂ ਲਈ ਕੰਮ ਕਰਨ ਵਾਲੇ ਸਮੂਹ ਹਲਵਾਸ਼ ਨੇ ਈਰਾਨੀ ਪੁਲਿਸ ਗੱਡੀਆਂ ਵਲੋਂ ਵਰਤੀ ਜਾਂਦੀ ਹਰੇ ਰੰਗ ਦੀ ਪੱਟੀ ਵਾਲੇ ਟਰੱਕ ਦੀ ਤਸਵੀਰ ਅਤੇ ਵੀਡੀਉ ਸਾਂਝੀ ਕੀਤੀ ਹੈ। ਹਲਵਾਸ਼ ਨੇ ਕਿਹਾ ਕਿ ਹਮਲੇ ਵਿਚ ਸੁਰੱਖਿਆ ਬਲਾਂ ਦੇ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਜਹਾਜ਼ ਵਿਚ ਸਵਾਰ ਸਾਰੇ ਲੋਕ ਮਾਰੇ ਗਏ। ਟਰੱਕ ਨੂੰ ਸਿਰਫ ਗੋਲੀਆਂ ਨਾਲ ਨੁਕਸਾਨ ਪਹੁੰਚਿਆ ਸੀ ਨਾ ਕਿ ਕਿਸੇ ਵਿਸਫੋਟਕ ਦੀ ਵਰਤੋਂ ਨਾਲ। ਸਰਕਾਰੀ ਸਮਾਚਾਰ ਏਜੰਸੀ ਇਰਨਾ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਐਸਕੰਦਰ ਮੋਮੇਨੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ।