ਓਟਵਾ, 3 ਮਾਰਚ  : ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਆਪਣਾ ਨਵਾਂ ਆਗੂ ਚੁਣਨ ਲਈ 10 ਸਤੰਬਰ ਤੱਕ ਦੀ ਊਡੀਕ ਕਰਨੀ ਹੋਵੇਗੀ।ਇਸ ਨਾਲ ਸੰਭਾਵੀ ਉਮੀਦਵਾਰਾਂ, ਜਿਨ੍ਹਾਂ ਵਿੱਚ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਵੀ ਸ਼ਾਮਲ ਹਨ, ਨੂੰ ਆਪਣੀ ਮੁਹਿੰਮ ਚਲਾਉਣ ਲਈ ਵੀ ਸਮਾਂ ਮਿਲ ਜਾਵੇਗਾ।
ਚਾਰੈਸਟ ਨੇ ਬੁੱਧਵਾਰ ਸ਼ਾਮ ਨੂੰ 40 ਐਮਪੀਜ਼ ਤੇ ਸੈਨੇਟਰਜ਼ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕੈਂਪੇਨ ਸਬੰਧੀ ਨਿਯਮਾਂ ਦੇ ਐਲਾਨ ਤੋਂ ਕਈ ਘੰਟੇ ਪਹਿਲਾਂ ਕੀਤੀ ਗਈ। ਉਨ੍ਹਾਂ ਆਖਿਆ ਕਿ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਣ ਤੋਂ ਪਹਿਲਾਂ ਉਹ ਨਿਯਮਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਪਿਛਲੀ ਵਾਰੀ ਉਨ੍ਹਾਂ ਨੂੰ ਮੈਂਬਰਸਿ਼ਪ ਨਾਲ ਜਾਣ-ਪਛਾਣ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਿਆ ਤੇ ਨਾ ਹੀ ਨਵੇਂ ਮੈਂਬਰ ਰਕਰੂਟ ਕਰਨ ਦਾ ਮੌਕਾ ਮਿਲਿਆ ਸੀ।
ਕਮੇਟੀ ਵਿੱਚ ਮੌਜੂਦ ਕੰਜ਼ਰਵੇਟਿਵਸ ਨੂੰ ਹੀ ਇਹ ਚੋਣ ਕਰਨੀ ਹੋਵੇਗੀ ਕਿ ਇਹ ਮੁਕਾਬਲਾ ਲੰਮਾਂ ਰਹਿੰਦਾ ਹੈ ਜਾਂ ਛੋਟਾ। ਕਈਆਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਹੀ ਇਹ ਤੈਅ ਹੋਵੇਗਾ ਕਿ ਇਸ ਦੌੜ ਵਿੱਚ ਕਿੰਨੇ ਉਮੀਦਵਾਰ ਹਿੱਸਾ ਲੈਣਗੇ ਜਿਵੇਂ ਕਿ ਇਸ ਸਮੇਂ ਐਮਪੀਜ਼ ਵਜੋਂ ਸੇਵਾ ਨਾ ਨਿਭਾਉਣ ਵਾਲੇ ਤੇ ਜਿਹੜੇ ਇਕਹਿਰੇ ਮੁੱਦੇ ਲੈ ਕੇ ਚੱਲਣਗੇ।ਹੁਣ ਤੱਕ ਮੈਦਾਨ ਵਿੱਚ ਨਿੱਤਰਣ ਵਾਲੇ ਇੱਕ ਮਾਤਰ ਉਮੀਦਵਾਰ ਪਿਏਰ ਪੌਲੀਏਵਰ ਹੀ ਹਨ। ਉਹ ਓਟਵਾ ਦੇ ਮੰਨੇ ਪ੍ਰਮੰਨੇ ਐਮਪੀ ਹਨ।