ਮੁੰਬਈ:ਬੌਲੀਵੁੱਡ ਦੇ ਮੋਹਰੀ ਪ੍ਰੋਡਕਸ਼ਨ ਹਾਊਸਾਂ ਵਿੱਚ ਸ਼ੁਮਾਰ ਏਕਤਾ ਕਪੂਰ ਦੇ ‘ਬਾਲਾਜੀ ਟੈਲੀਫਿਲਮਜ਼’ ਨੇ ਅੱਜ ਆਪਣੇ ਸਟਾਫ ਮੈਂਬਰਾਂ ਲਈ ਕਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਬਾਲਾਜੀ ਟੈਲੀਫਿਲਮਜ਼, ਏਐੱਲਟੀਬੀ ਬਾਲਾਜੀ ਅਤੇ ਬਾਲਾਜੀ ਮੋਸ਼ਨ ਪਿਕਚਰਜ਼ ਪ੍ਰਾਈਵੇਟ ਲਿਮਟਿਡ ਦੇ 600 ਤੋਂ 800 ਮੁਲਾਜ਼ਮਾਂ ਨੂੰ ਕਰੋਨਾ ਰੋਕੂ ਟੀਕਾ ਲਾਇਆ ਜਾਵੇਗਾ। ਇਸ ਸਬੰਧੀ ਬਾਲਾਜੀ ਹਾਊਸ ਤੇ ਕਲਿਕ ਨਿਕਸਨ ਸਟੂਡਿਊ ਵਿੱਚ ਦੋ ਸੈਂਟਰ ਬਣਾਏ ਗਏ ਹਨ। ਸ਼ੋਭਾ ਕਪੂਰ ਤੇ ਏਕਤਾ ਕਪੂਰ ਦੀ ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਸ ਪ੍ਰੋਗਰਾਮ ਤਹਿਤ ਹਰ ਸਟਾਫ ਮੈਂਬਰ ਦੇ ਦੋ ਟੀਕੇ ਲਾਏ ਜਾਣਗੇ। ਕੰਪਨੀ ਨੇ ਪੱਤਰ ਵਿਚ ਆਖਿਆ, ‘‘ਇਕ ਸੰਸਥਾ ਵਜੋਂ ਅਸੀਂ ਸਮਝਦੇ ਹਾਂ ਕਿ ਸਾਡੇ ਲੋਕ ਸਾਡਾ ਸਭ ਤੋਂ ਵੱਡਾ ਸਰਮਾਇਆ ਨੇ ਅਤੇ ਅਸੀਂ ਉਨ੍ਹਾਂ ਦੀ ਦੇਖਭਾਲ ਜਾਰੀ ਰੱਖਾਂਗੇ।’’