ਫ਼ਰੀਦਕੋਟ, 24 ਮਈ
ਕਾਂਗਰਸ ਨੇ 20 ਸਾਲ ਬਾਅਦ ਫਰੀਦਕੋਟ ਲੋਕ ਸਭਾ ਸੀਟ ਦੁਬਾਰਾ ਜਿੱਤ ਲਈ ਹੈ। ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ 87,500 ਵੋਟ ਦੇ ਫਰਕ ਨਾਲ ਹਰਾ ਕੇ ਚੋਣ ਜਿੱਤ ਲਈ। ਪ੍ਰੋ. ਸਾਧੂ ਸਿੰਘ ਜੋ ਪਿਛਲੀ ਵਾਰ ਦੋ ਲੱਖ ਵੋਟ ਲੈ ਕੇ ਜੇਤੂ ਸਨ, ਇਸ ਵਾਰ ਉਹ ਤੀਜੇ ਸਥਾਨ ’ਤੇ ਰਹੇ। ਪੀਡੀਏ ਉਮੀਦਵਾਰ ਮਾਸਟਰ ਬਲਦੇਵ ਸਿੰਘ ਚੌਥੇ ਨੰਬਰ ’ਤੇ ਰਹੇ।
ਫਰੀਦਕੋਟ ਲੋਕ ਸਭਾ ਹਲਕੇ ਤੋਂ ਕੁੱਲ 22 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਪਰ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਰਿਹਾ। ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚੋਂ ਅਕਾਲੀ ਦਲ 3,000 ਵੋਟ ਦੇ ਫਰਕ ਨਾਲ ਅੱਗੇ ਰਿਹਾ। ਬਾਘਾਪੁਰਾਣਾ ਤੋਂ ਇਹ 700 ਦੇ ਮਾਮੂਲੀ ਫਰਕ ਨਾਲ ਹਾਰਿਆ। ਫਰੀਦਕੋਟ ਲੋਕ ਸਭਾ ਹਲਕੇ ਤੋਂ ਐਲਾਨੇ ਨਤੀਜਿਆਂ ਮੁਤਾਬਿਕ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਨੂੰ 4,17,936 ਵੋਟਾਂ ਮਿਲੀਆਂ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ 3,34,674 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ 1,14,610 ਵੋਟ ਮਿਲੀ। 19,053 ਵੋਟਰਾਂ ਨੇ ਨੋਟਾ ਦੇ ਹੱਕ ਵਿੱਚ ਵੋਟ ਭੁਗਤਾਈ। ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਦੀ ਹਾਲਤ ਕਾਫ਼ੀ ਤਰਸਯੋਗ ਰਹੀ। ਪੀਡੀਏ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਨੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸਿਰਫ਼ 43,794 ਵੋਟਾਂ ਪ੍ਰਾਪਤ ਹੋਈਆਂ। ਮਾਸਟਰ ਬਲਦੇਵ ਸਿੰਘ ਸਮੇਤ 19 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਗਈ ਹੈ। ਜਿੱਤਣ ਮਗਰੋਂ ਮੁਹੰਮਦ ਸਦੀਕ ਨੇ ਕਿਹਾ ਕਿ ਪਾਰਟੀ ਆਗੂਆਂ ਤੇ ਵਰਕਰਾਂ ਦੀ ਮਿਹਨਤ ਸਦਕਾ ਉਨ੍ਹਾਂ ਨੂੰ ਇਤਿਹਾਸਕ ਜਿੱਤ ਮਿਲੀ ਹੈ। ਉਨ੍ਹਾਂ ਕਿਹਾ ਕਿ 1999 ਵਿੱਚ ਆਖਰੀ ਵਾਰ ਜਗਮੀਤ ਸਿੰਘ ਬਰਾੜ ਫਰੀਦਕੋਟ ਤੋਂ ਚੋਣ ਜਿੱਤੇ ਸਨ ਅਤੇ ਉਸ ਮਗਰੋਂ ਚਾਰ ਵਾਰ ਪਾਰਟੀ ਨੂੰ ਇੱਥੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਉਨ੍ਹਾਂ ਨੂੰ ਵੱਡੀ ਜਿੱਤ ਮਿਲੀ ਹੈ ਅਤੇ ਉਹ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਨਗੇ। ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚੋਂ ਕਾਂਗਰਸ ਨੂੰ 47,749 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਅਕਾਲੀ ਦਲ ਨੂੰ 35,911 ਵੋਟਾਂ ਪਈਆਂ। ‘ਆਪ’ ਨੂੰ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ 8,856 ਵੋਟਾਂ ਪਈਆਂ। ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੂੰ 47,153 ਵੋਟਾਂ, ਅਕਾਲੀ ਦਲ ਨੂੰ 32,246 ਅਤੇ ‘ਆਪ’ ਨੂੰ 10,711 ਵੋਟਾਂ ਮਿਲੀਆਂ। ਇਸੇ ਤਰ੍ਹਾਂ ਜੈਤੋ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੂੰ 46,987 ਵੋਟਾਂ, ਅਕਾਲੀ ਦਲ ਨੂੰ 28,984 ਵੋਟਾਂ ਅਤੇ ‘ਆਪ’ ਨੂੰ 13,028 ਵੋਟਾਂ ਪ੍ਰਾਪਤ ਹੋਈਆਂ। ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚੋਂ ਕਾਂਗਰਸ ਨੂੰ 44,942, ਅਕਾਲੀ ਦਲ ਨੂੰ 47,731, ‘ਆਪ’ ਨੂੰ 12,054 ਵੋਟਾਂ ਮਿਲੀਆਂ।