ਜ਼ੀਰਾ ਕਦਾਵਰ ਅਕਾਲੀ ਆਗੂਆਂ ਬਾਰੇ ਗਲਤ ਬਿਆਨੀ ਦੀ ਥਾਂ ਆਪਣੀ ਔਕਾਤ ‘ਚ ਰਹੇ : ਰਵੀ ਕਾਹਲੋਂ
ਕਾਂਗਰਸੀ ਡੋਪ ਟੈਸਟ ਪ੍ਰਤੀ ਸੰਜੀਦਾ ਹੈ ਤਾਂ ਪਹਿਲਾਂ ਰਾਹੁਲ ਗਾਂਧੀ, ਕੈਪਟਨ ਤੇ ਜਾਖੜ ਦਾ ਟੈਸਟ ਕਰਵਾਉਣ।
ਅੰਮ੍ਰਿਤਸਰ,29 ਜਨਵਰੀ ( )-ਯੂਥ ਅਕਾਲੀ ਦਲ ਬਾਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਆਗੂਆਂ ਬਾਰੇ ਕੀਤੀ ਗਈ ਗਲਤ ਬਿਆਨਬਾਜ਼ੀ ਦਾ ਸਖਤ ਨੋਟਿਸ ਲੈਦਿਆਂ ਜ਼ੀਰਾ ਨੂੰ ਆਪਣੀ ਔਕਾਤ ‘ਚ ਰਹਿਣ ਦੀ ਨਸੀਅਤ ਦਿਤੀ ਹੈ। ਉਸ ਵਲੋਂ ਅਕਾਲੀ ਆਗੂਆਂ ਦਾ ਡੋਪ ਟੈਸਟ ਕਰਵਾਉਣ ਦੀ ਦਿੱਤੀ ਚੁਣੌਤੀ ‘ਤੇ ਪਲਟਵਾਰ ਕਰਦਿਆਂ ਸ: ਰਵੀ ਕਾਹਲੋਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਅਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਹਟਾਉਣ ਲਈ ਕਾਂਗਰਸੀ ਅਜਿਹੇ ਛੋਛੇ ਕਰਦੇ ਰਹਿੰਦੇ ਹਨ, ਜੇ ਜ਼ੀਰਾ ਵਾਕਿਆ ਹੀ ਸੰਜੀਦਾ ਹੈ ਤਾਂ ਉਸ ਚਾਹੀਦਾ ਹੈ ਕਿ ਉਹ ਦੂਜਿਆਂ ‘ਤੇ ਉੰਗਲ ਉਠਾਉਣ ਤੋ ਪਹਿਲਾਂ ਕਾਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਡੋਪ ਟੈਸਟ ਕਰਵਾਉਣ । ਇਥੇ ਜਾਰੀ ਇਕ ਬਿਆਨ ਵਿਚ ਰਵੀਕਰਨ ਸਿੰਘ ਕਾਹਲੋਂ ਨੇ ਜ਼ੀਰਾ ਵਲੋਂ ਛਡੇ ਗਏ ਸ਼ੋਸ਼ੇ ਪ੍ਰਤੀ ਕਿਹਾ ਕਿ ਮੁਅੱਤਲ ਹੋਣ ਤੋਂ ਬਾਅਦ ਕਾਂਗਰਸ ਵਿਚ ਬਹਾਲੀ ਹੋਣ ਮਗਰੋਂ ਕੁਲਬੀਰ ਜ਼ੀਰਾ ਹਾਈਕਮਾਂਡ ਦੀਆਂ ਨਜ਼ਰਾਂ ਵਿਚ ਆਪਣੀ ਸ਼ਾਖ ਬਹਾਲ ਕਰਨ ਲਈ ਅਜਿਹਾ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹੇਠਲੇ ਪੱਧਰ ਦੀਆਂ ਹਰਕਤਾਂ ਕਰਕੇ ਹੀ ਕਾਂਗਰਸ ਨੇ ਪਹਿਲਾਂ ਜ਼ੀਰਾ ਨੂੰ ਮੁਅੱਤਲ ਕੀਤਾ ਸੀ । ਉਨਾਂ ਜ਼ੀਰਾ ਦੇ ਇਸ ਕਦਮ ਨੂੰ ਰਾਜਸੀ ਸੂਝ ਬੂਝ ਦੀ ਕਮੀ ਦੱਸਦਿਆਂ ਕਿਹਾ ਕਿ ਸਿਆਸੀ ਤਜਰਬੇ ਤੋਂ ਊਣੇ ਕੁਲਬੀਰ ਜ਼ੀਰਾ ਸੁਰਖੀਆਂ ਬਟੋਰਨ ਦੀ ਥਾਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਤਕਲੀਫਾਂ ਦਾ ਸਰਕਾਰ ਤੋਂ ਨਿਪਟਾਰਾ ਕਰਾਉਣ। ਉਹਨਾਂ ਸਵਾਲ ਕੀਤਾ ਕਿ ਉਹ ਇਹ ਦੱਸਣ ਕਿ ਉਨ੍ਹਾਂ ਦਾ ਨਸ਼ਿਆਂ ਦੇ ਮੁੱਦੇ ‘ਤੇ ਲੋਕਾਂ ਦੇ ਇੱਕਠ ਵਿਚ ਸਰਕਾਰ ਦੀ ਨਾਂਕਾਮ ਕਾਰਗੁਜਾਰੀ ਬਾਰੇ ਦਿੱਤਾ ਬਿਆਨ ਸਹੀ ਸੀ ਜਾਂ ਗਲਤ । ਜ਼ੀਰਾ ਇਹ ਵੀ ਸਪਸ਼ਟ ਕਰਨ ਕਿ ਕੀ ਉਹ ਉਕਤ ਬਿਆਨ ‘ਤੇ ਹੁਣ ਕਾਇਮ ਹਨ ਜਾਂ ਨਹੀਂ। ਕਾਹਲੋਂ ਨੇ ਕਾਂਗਰਸੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਇੱਕਠੇ ਹੋ ਕੇ ਮੁਖ ਮੰਤਰੀ ਕੋਲ ਜਾਣ ਅਤੇ ਉਨਾਂ ਨੂੰ ਉਸ ਸਹੁੰ ਬਾਰੇ ਯਾਦ ਕਰਵਾਉਣ ਜਿਹੜੀ ਉਨਾਂ ਨੇ ਗੁਟਕਾ ਸਾਹਿਬ ਮੁੱਥੇ ਨੂੰ ਲਾ ਕੇ 4 ਹਫਤਿਆਂ ਵਿਚ ਪੰਜਾਬ ਨੂੰ ਨਸ਼ਾਮੁਕਤ ਕਰਨ ਪ੍ਰਤੀ ਵਿਧਾਨ ਸਭਾ ਚੋਣਾਂ ਦੌਰਾਨ ਚੁੱਕੀ ਸੀ। ਉਨ੍ਹਾਂ ਕਿਹਾ ਕਿ ਦੋ ਸਾਲਾਂ ‘ਓ ਹੀ ਸੂਬੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਸੱਤਾ ਵਿਚ ਆਉਣ ਤੋਂ ਮਗਰੋਂ ਕਾਂਗਰਸ ਦੇ ਵਾਅਦੇ ਜਿਉਂ ਦੇ ਤਿਉਂ ਹੀ ਹਨ। ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਲੋਕ ਸਭਾ ਚੋਣਾਂ ਦੌਰਾਨ ਸਬਕ ਸਿਖਾਉਣ ਲਈ ਉਤਾਵਲੇ ਹਨ।