ਫ਼ਿਰੋਜ਼ਪੁਰ, 15 ਮਈ
ਪਿੰਡ ਝੋਕ ਹਰੀ ਹਰ ਦੀ 26 ਏਕੜ ਜ਼ਮੀਨ ਦੇ ਰੌਲੇ ਕਾਰਨ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਹੇ ਧਰਨੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ੍ਰੀ ਖਹਿਰਾ ਦੇ ਬਚਾਅ ਵਾਸਤੇ ਜਦੋਂ ਪੁਲੀਸ ਮੁਲਾਜ਼ਮ ਅੱਗੇ ਆਏ ਤਾਂ ਕਾਂਗਰਸੀ ਵਰਕਰ ਉਨ੍ਹਾਂ ਨਾਲ ਵੀ ਉਲਝ ਪਏ। ਇਸ ਦੌਰਾਨ ਇੱਕ ਹੌਲਦਾਰ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।
ਡੀਸੀ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਖਹਿਰਾ ਨੇ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਵਿੱਚ ਬਿਲਕੁਲ ਫ਼ਰਕ ਨਜ਼ਰ ਨਹੀਂ ਆ ਰਿਹਾ। ਜਿਸ ਤਰ੍ਹਾਂ ਦੀ ਧੱਕੇਸ਼ਾਹੀ ਤੇ ਗੁੰਡਾਗਰਦੀ ਪਿਛਲੇ ਦਸ ਸਾਲਾਂ ਤੱਕ ਅਕਾਲੀ-ਭਾਜਪਾ ਆਗੂਆਂ ਨੇ ਕੀਤੀ ਹੈ, ਠੀਕ ਉਸੇ ਤਰ੍ਹਾਂ ਹੁਣ ਕਾਂਗਰਸੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਪਹਿਲਾਂ ਵੀ ਧੱਕੇ ਨਾਲ ਕਬਜ਼ੇ ਹੁੰਦੇ ਸਨ ਤੇ ਹੁਣ ਵੀ ਹੋ ਰਹੇ ਹਨ। ਪੁਲੀਸ ਤੇ ਪ੍ਰਸ਼ਾਸਨ ਵੀ ਕਾਂਗਰਸੀ ਆਗੂਆਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ ਆਮ ਆਦਮੀ ਨੂੰ ਕਿਧਰੇ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਵਿਧਾਇਕ ਨੇ ਕਾਂਗਰਸੀ ਆਗੂਆਂ ’ਤੇ ਰੇਤੇ ਦੀਆਂ ਨਾਜਾਇਜ਼ ਖੱਡਾਂ ਚਲਾਉਣ ਦੇ ਦੋਸ਼ ਵੀ ਲਗਾਏ ਅਤੇ ਇਸ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ।
ਜ਼ਿਕਰਯੋਗ ਹੈ ਕਿ ਪਿੰਡ ਝੋਕ ਹਰੀ ਹਰ ਦੀ 26 ਏਕੜ ਵਿਵਾਦਤ ਜ਼ਮੀਨ ਨੂੰ ਲੈ ਕੇ ਜਿੱਥੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਆਗੂ ਡੀਸੀ ਦਫ਼ਤਰ ਦੇ ਬਾਹਰ ਡੇਰਾ ਲਗਾਈ ਬੈਠੇ ਹਨ ਉੱਥੇ ਹੀ ਪਿੰਡ ਦੀਆਂ ਦੋ ਔਰਤਾਂ ਪਿਛਲੇ 20 ਦਿਨਾਂ ਤੋਂ ਮਰਨ ਵਰਤ ’ਤੇ ਬੈਠੀਆਂ ਹਨ। ਦੂਜੀ ਧਿਰ ਨੇ ਵੀ ਡੀਸੀ ਦਫ਼ਤਰ ਦੇ ਬਾਹਰ ਹੀ ਧਰਨਾ ਲਾਇਆ ਹੋਇਆ ਹੈ। ਇੱਕ ਧਿਰ ਦਾ ਦੋਸ਼ ਹੈ ਕਿ ਜ਼ਿਲ੍ਹੇ ਨਾਲ ਸਬੰਧਤ ਇੱਕ ਕਾਂਗਰਸੀ ਵਿਧਾਇਕ ਦੇ ਦਬਾਅ ਹੇਠ ਆ ਕੇ ਮਾਲ ਵਿਭਾਗ ਨੇ ਉਨ੍ਹਾਂ ਦੀਆਂ ਜ਼ਮੀਨਾਂ ਦੀਆਂ ਗਿਰਦਾਵਰੀਆਂ ਹੋਰ ਨਾਵਾਂ ’ਤੇ ਤਬਦੀਲ ਕਰ ਦਿੱਤੀਆਂ ਹਨ ਜਦੋਂਕਿ ਦੂਜੀ ਧਿਰ ਇਸ ਕਾਰਵਾਈ ਨੂੰ ਜਾਇਜ਼ ਠਹਿਰਾ ਰਹੀ ਹੈ। ਇਸ ਸਬੰਧੀ ਕੇਸ ਦੀ ਸੁਣਵਾਈ ਸਥਾਨਕ ਐਸਡੀਐਮ ਦੀ ਅਦਾਲਤ ਤੋਂ ਇਲਾਵਾ ਹਾਈ ਕੋਰਟ ਵਿੱਚ ਚੱਲ ਰਹੀ ਹੈ। ਫਿਲਹਾਲ ਇਸ ਜ਼ਮੀਨ ’ਤੇ ਐਸਡੀਐਮ ਵੱਲੋਂ ਧਾਰਾ 145 ਦੇ ਹੁਕਮ ਜਾਰੀ ਕੀਤੇ ਹੋਏ ਹਨ।
ਵਿਧਾਇਕ ਸ੍ਰੀ ਖਹਿਰਾ ਨੇ ਅੱਜ ਦੁਪਹਿਰ 2 ਵਜੇ ਦੇ ਕਰੀਬ ਮਰਨ ਵਰਤ ’ਤੇ ਬੈਠੀਆਂ ਔਰਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਪੱਖ ਸੁਣਿਆ। ਦੂਜੀ ਧਿਰ ਨੇ ਵੀ ਸ੍ਰੀ ਖਹਿਰਾ ਨੂੰ ਆਪਣਾ ਪੱਖ ਰੱਖਣ ਦੀ ਗੁਜ਼ਾਰਿਸ਼ ਕੀਤੀ ਪਰ ਵਿਧਾਇਕ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਦੂਜੀ ਧਿਰ ਦੇ ਵਿਅਕਤੀ ਨਾਰਾਜ਼ ਹੋ ਗਏ। ਪੀੜਤ ਔਰਤਾਂ ਨੂੰ ਮਿਲਣ ਤੋਂ ਬਾਅਦ ਜਦੋਂ ਸ੍ਰੀ ਖਹਿਰਾ ਕਿਸਾਨ ਯੂਨੀਅਨ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਸੜਕ ਪਾਰ ਕਰਨ ਲੱਗੇ ਤਾਂ ਦੂਜੀ ਧਿਰ ਦੇ ਲੋਕਾਂ ਨੇ ਕੁਝ ਕਾਂਗਰਸੀ ਵਰਕਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਪੁਲੀਸ ਨਾਲ ਵੀ ਧੱਕਾਮੁੱਕੀ ਹੋ ਗਏ।
ਵਿਧਾਇਕ ਸ੍ਰੀ ਖਹਿਰਾ ਨੇ ਆਖਿਆ ਕਿ ਉਹ ਅੱਜ ਦੀ ਇਸ ਘਟਨਾ ’ਤੇ ਕਾਰਵਾਈ ਕਰਵਾਉਣ ਲਈ ਐਸਐਸਪੀ ਨੂੰ ਸ਼ਿਕਾਇਤ ਦੇਣਗੇ। ਦੇਰ ਸ਼ਾਮ ਤੱਕ ਕਿਸੇ ਵੀ ਪੁਲੀਸ ਅਫ਼ਸਰ ਨੇ ਇਸ ਸਬੰਧੀ ਕਾਰਵਾਈ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਪੁਲੀਸ ਵੱਲੋਂ ਥਾਣਾ ਕੈਂਟ ਵਿੱਚ ਸਿਪਾਹੀ ਰਮਨਪ੍ਰੀਤ ਸਿੰਘ ਦੇ ਬਿਆਨਾਂ ’ਤੇ 10-15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।