ਸੰਗਰੂਰ, 25 ਜਨਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਗੁਰਬਾਣੀ ਦੇ ਸਲੋਕ ਦਾ ਉਚਾਰਣ ਜਾਣਬੁੱਝ ਕੇ ਗਲਤ ਨਹੀਂ ਕੀਤਾ ਗਿਆ ਅਤੇ ਨਾ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਾਰੇ ਉਹ ਕਦੇ ਸੋਚ ਸਕਦੇ ਹਨ। ਭਾਈ ਲੌਂਗੋਵਾਲ ਇੱਥੇ ਗੱਲਬਾਤ ਦੌਰਾਨ ਸਤਿਕਾਰ ਕਮੇਟੀ ਵੱਲੋਂ ਉਨ੍ਹਾਂ ਉਪਰ ਗੁਰਬਾਣੀ ਦੇ ਸਲੋਕ ਨੂੰ ਤੋੜ-ਮਰੋੜ ਕੇ ਬੋਲਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਗਾਏ ਦੋਸ਼ਾਂ ਬਾਰੇ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਗੁਰਮਤਿ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਕੁਝ ਲੋਕਾਂ ਨੂੰ ਚੰਗਾ ਕੰਮ ਬਰਦਾਸ਼ਤ ਨਹੀਂ ਹੁੰਦਾ ਅਤੇ ਅਜਿਹੇ ਲੋਕਾਂ ਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਗਲਤੀ ਹੋ ਜਾਂਦੀ ਹੈ, ਜਿਸਨੂੰ ਗਲਤ ਢੰਗ ਨਾਲ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਗੁਰਮਤਿ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਤਿੰਨ ਤਖਤ ਸਹਿਬਾਨ ਵਿਖੇ ਉਪ ਦਫ਼ਤਰ ਬਣਾਏ ਗਏ ਹਨ, ਜਿਥੇ ਹਰ ਐਤਵਾਰ ਨੂੰ ਧਾਰਮਿਕ ਸਮਾਗਮ ਹੋਇਆ ਕਰਨਗੇ। ਜ਼ਿਕਰਯੋਗ ਹੈ ਕਿ ਸਤਿਕਾਰ ਕਮੇਟੀ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਐਸਜੀਪੀਸੀ ਪ੍ਰਧਾਨ ਵੱਲੋਂ ਦਮਦਮਾ ਸਾਹਿਬ ਵਿਖੇ 21 ਜਨਵਰੀ ਨੂੰ ਹੋਏ ਧਾਰਮਿਕ ਸਮਾਗਮ ਵਿਚ ਗੁਰਬਾਣੀ ਦੀ ਤੁਕ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।