ਬਠਿੰਡਾ, ਖ਼ਜ਼ਾਨਾ ਮੰਤਰੀ ਪੰਜਾਬ ਦੇ ਬਠਿੰਡਾ (ਸ਼ਹਿਰੀ) ਹਲਕੇ ’ਚ ਹੁਣ ਜੈਜੀਤ ਜੌਹਲ ਉਰਫ਼ ‘ਜੋਜੋ’ ਘੱਟ ਦਿਖਦੇ ਹਨ, ਜਿਸ ਤੋਂ ਨਵੇਂ ਚਰਚੇ ਛਿੜ ਗਏ ਹਨ। ਪਹਿਲਾਂ ਵਾਂਗ ਉਹ ਨਾ ਤਾਂ ਹੁਣ ਵਾਰਡਾਂ ’ਚ ਮੀਟਿੰਗਾਂ ਕਰ ਰਹੇ ਹਨ ਅਤੇ ਨਾ ਹੀ ਸੰਗਤ ਦਰਸ਼ਨ। ਪੂਰਾ ਹਫ਼ਤਾ ਦਿਨ ਰਾਤ ਬਠਿੰਡਾ ਸ਼ਹਿਰੀ ਹਲਕੇ ’ਚ ਰਹਿਣ ਵਾਲੇ ‘ਜੋਜੋ’ ਦੀ ਗ਼ੈਰਹਾਜ਼ਰੀ ਦੇ ਸਿਆਸੀ ਲੋਕ ਹੁਣ ਆਪੋ ਆਪਣੇ ਮਾਅਨੇ ਕੱਢਣ ਲੱਗੇ ਹਨ। ਹਾਲਾਂਕਿ ‘ਜੋਜੋ’ ਖ਼ਜ਼ਾਨਾ ਮੰਤਰੀ ਦੇ ਦਫ਼ਤਰ ਵਿੱਚ ਹਾਜ਼ਰ ਹੁੰਦੇ ਹਨ ਪਰ ਸ਼ਹਿਰੀ ਲੋਕਾਂ ਵਿੱਚ ਪਹਿਲਾਂ ਵਾਂਗ ਨਹੀਂ ਜਾ ਰਹੇ ਹਨ। ਸੂਤਰ ਆਖਦੇ ਹਨ ਕਿ ‘ਜੋਜੋ’ ਦਫ਼ਤਰ ਵਿੱਚ ਵੀ ਪਹਿਲਾਂ ਵਾਂਗ ਪੂਰਾ ਪੂਰਾ ਦਿਨ ਨਹੀਂ ਲਾਉਂਦੇ ਹਨ। ਦੱਸਣਯੋਗ ਹੈ ਕਿ ਜੈਜੀਤ ਜੌਹਲ, ਮਨਪ੍ਰੀਤ ਬਾਦਲ ਦੇ ਨੇੜਲੇ ਰਿਸ਼ਤੇਦਾਰ ਹਨ।
ਉੱਧਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਹੁਣ ‘ਜੋਜੋ’ ਨੂੰ ਪਹਿਲਾਂ ਵਾਂਗ ਨਿਸ਼ਾਨਾ ਬਣਾਉਣ ਤੋਂ ਪਾਸਾ ਵੱਟਿਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਕੀਂ ਬਠਿੰਡਾ ਦੌਰੇ ਮੌਕੇ ਮਨਪ੍ਰੀਤ ਬਾਦਲ ‘ਤੇ ਤਾਂ ਤਵਾ ਲਾਇਆ ਪਰ ਜੋਜੋ ਖ਼ਿਲਾਫ਼ ਬੋਲਣ ਤੋਂ ਗੁਰੇਜ਼ ਕੀਤਾ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਰੀਬ ਇੱਕ ਡੇਢ ਮਹੀਨੇ ਤੋਂ ਆਪਣੇ ਹਲਕੇ ਵਿੱਚ ਫ਼ੰਡ ਵੰਡ ਰਹੇ ਹਨ ਪਰ ਮਨਪ੍ਰੀਤ ਦੇ ਸ਼ਹਿਰੀ ਦੌਰਿਆਂ ਮੌਕੇ ਜੈਜੀਤ ਜੌਹਲ ਬਹੁਤਾ ਨਾਲ ਨਹੀਂ ਦਿੱਖਦੇ ਹਨ ਜਦੋਂ ਕਿ ਪਹਿਲਾਂ ਮਨਪ੍ਰੀਤ ਦਾ ਪਰਛਾਵਾਂ ਬਣ ਕੇ ਨਾਲ ਚੱਲਦੇ ਰਹੇ ਹਨ। ਹੁਣ ਜਨਤਕ ਤੌਰ ’ਤੇ ਜੋਜੋ ਘੱਟ ਵਿਚਰਦੇ ਹਨ।
ਕਾਂਗਰਸੀ ਆਗੂ ਦੱਸਦੇ ਹਨ ਕਿ ਜੈਜੀਤ ‘ਜੋਜੋ’ ਹੁਣ ਬਹੁਤਾ ਸਮਾਂ ਖ਼ਜ਼ਾਨਾ ਮੰਤਰੀ ਦੇ ਦਫ਼ਤਰ ਵਿੱਚ ਬੈਠਦੇ ਹਨ ਅਤੇ ਉੱਥੋਂ ਹੀ ਲੋਕਾਂ ਦੇ ਕੰਮਾਂ-ਕਾਰਾਂ ਲਈ ਫ਼ੋਨ ਕਰਦੇ ਹਨ। ਸੂਤਰ ਦੱਸਦੇ ਹਨ ਕਿ ਸਿਆਸੀ ਤੌਰ ’ਤੇ ਸੋਚ ਵਿਚਾਰ ਮਗਰੋਂ ‘ਜੋਜੋ’ ਦੀ ਹਾਜ਼ਰੀ ਥੋੜ੍ਹੀ ਘਟਾਈ ਗਈ ਹੈ, ਜਿਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ‘ਜੋਜੋ’ ਦੀ ਗ਼ੈਰਹਾਜ਼ਰੀ ਮਗਰੋਂ ਅਕਾਲੀ ਵੀ ਠੰਢੇ ਪੈ ਗਏ ਹਨ। ਪਹਿਲਾਂ ਖ਼ਜ਼ਾਨਾ ਮੰਤਰੀ ਦੀ ਹਲਕੇ ’ਚੋਂ ਗ਼ੈਰਹਾਜ਼ਰੀ ’ਚ ‘ਜੋਜੋ’ ਹੀ ਸਿਆਸੀ ਮੋਰਚਾ ਸੰਭਾਲਦੇ ਸਨ। ਖ਼ਜ਼ਾਨਾ ਮੰਤਰੀ ਨੇ ਸ਼ੁਰੂ ‘ਚ ਖ਼ੁਦ ਵੀ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ‘ਜੋਜੋ’ ਹਲਕੇ ’ਚ ਹਾਜ਼ਰ ਰਹਿਣਗੇ। ਪਿਛਲੇ ਸਮੇਂ ਦੌਰਾਨ ‘ਜੋਜੋ’ ਸਰਕਾਰੀ ਦਫ਼ਤਰਾਂ ਵਿੱਚ ਵੀ ਨਜ਼ਰ ਪੈਂਦੇ ਰਹੇ ਹਨ।
ਦੋ ਦਿਨ ਪਹਿਲਾਂ ਮਨਪ੍ਰੀਤ ਬਾਦਲ ਨੇ ਸ਼ਹਿਰ ਦੇ ਅਫ਼ਸਰਾਂ ਨਾਲ ਫ਼ੀਲਡ ਹੋਸਟਲ ਮੀਟਿੰਗ ਕੀਤੀ ਸੀ, ਜਿਸ ’ਚੋਂ ‘ਜੋਜੋ’ ਗ਼ੈਰਹਾਜ਼ਰ ਸਨ। ਇੱਕ ਸੀਨੀਅਰ ਕਾਂਗਰਸੀ ਆਗੂ ਦਾ ਪ੍ਰਤੀਕਰਮ ਸੀ ਕਿ ਹੁਣ ਤਾਂ ਸ਼ਹਿਰ ਦੇ ਮੋਹਤਬਾਰ ਲੋਕ ਵੀ ਖ਼ਜ਼ਾਨਾ ਮੰਤਰੀ ਦੇ ਦਫ਼ਤਰ ਘੱਟ ਜਾਂਦੇ ਹਨ। ਪਹਿਲਾਂ ‘ਜੋਜੋ’ ਕਾਂਗਰਸ ਵੱਲੋਂ ਲਾਏ ਧਰਨਿਆਂ ਵਿੱਚ ਨਜ਼ਰ ਆਉਂਦੇ ਸਨ ਪਰ ਅੱਜ ਕਾਂਗਰਸ ਵੱਲੋਂ ਕੀਤੇ ਮੁਜ਼ਾਹਰੇ ’ਚੋਂ ਵੀ ‘ਜੋਜੋ’ ਗ਼ੈਰਹਾਜ਼ਰ ਰਹੇ ਹਨ।