ਕਿਊਬਿਕ, ਕੇਂਦਰੀ ਤੇ ਪੂਰਬੀ ਕੈਨੇਡਾ ਨੂੰ ਆਪਣੀ ਜਕੜ ਵਿੱਚ ਲੈਣ ਵਾਲੀ ਹੱਦੋਂ ਵੱਧ ਗਰਮੀ ਕਾਰਨ ਕਿਊਬਿਕ ਵਿੱਚ 33 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਿਊਬਿਕ ਦੇ ਸਿਹਤ ਮੰਤਰੀ ਲੂਸੀ ਚਾਰਲੇਬੌਇਸ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਸਾਡੇ ਕੋਲ ਜੋ ਹੋ ਪਾ ਰਿਹਾ ਹੈ ਅਸੀਂ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਸਾਨੂੰ ਨਵੇਂ ਕਿਸਮ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਹੀਟ ਵਾਰਨਿੰਗ ਵਿੱਚ ਦੱਸਿਆ ਗਿਆ ਕਿ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਐਨਵਾਇਰਮੈਂਟ ਕੈਨੇਡਾ ਅਨੁਸਾਰ ਓਨਟਾਰੀਓ, ਕਿਊਬਿਕ, ਨਿਊ ਬਰੰਜ਼ਵਿੱਕ, ਪ੍ਰਿੰਸ ਐਡਵਰਡ ਆਈਲੈਂਡ ਤੇ ਨੋਵਾ ਸਕੋਸ਼ੀਆ ਲਈ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਗਈ। ਇਸ ਸ਼ਾਮ ਤੱਕ ਇਹ ਚੇਤਾਵਨੀ ਹਟਾ ਲਏ ਜਾਣ ਦੀ ਉਮੀਦ ਹੈ।
ਕਿਊਬਿਕ ਵਿੱਚ ਹੋਈਆਂ 33 ਮੌਤਾਂ ਵਿੱਚ 18 ਤਾਂ ਇੱਕਲੀਆਂ ਮਾਂਟਰੀਅਲ ਵਿੱਚ ਹੀ ਹੋਈਆਂ। ਮਾਂਟਰੀਅਲ ਦੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਰੀਜਨਲ ਡਾਇਰੈਕਟਰ ਡਾ. ਮਾਈਲੀਨ ਡਰੋਇਨ ਅਨੁਸਾਰ ਇਸ ਦੌਰਾਨ ਮਾਰੇ ਗਏ ਲੋਕਾਂ ਵਿੱਚ 53 ਤੋਂ 85 ਸਾਲ ਉਮਰ ਵਰਗ ਦੇ ਬਹੁਤੇ ਪੁਰਸ਼ ਸ਼ਾਮਲ ਸਨ। ਇਹ ਲੋਕ ਇੱਕਲੇ ਰਹਿੰਦੇ ਸਨ ਜਾਂ ਇਨ੍ਹਾਂ ਕੋਲ ਏਅਰ ਕੰਡੀਸ਼ਨਰਜ਼ ਨਹੀਂ ਸਨ।