ਅਜਨਾਲਾ, 27 ਜੁਲਾਈ

‘ਪੰਜਾਬ ਸਰਕਾਰ ਸੂਬੇ ਅੰਦਰ ਹੜ੍ਹਾਂ ਦਾ ਸਾਹਮਣਾ ਕਰ ਰਹੇ ਹੜ੍ਹ ਪੀੜਤਾਂ ਦੀ ਮਦਦ ਲਈ ਸਪੈਸ਼ਲ ਬਜਟ ਸੈਸ਼ਨ ਬੁਲਾਵੇ ਤਾਂ ਜੋ ਲੋਕਾਂ ਦੀ ਭਲਾਈ ਲਈ ਤਜਵੀਜ਼ ਬਣਾ ਕੇ ਮਦਦ ਕੀਤੀ ਜਾਵੇ।’ ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕਾ ਅਜਨਾਲਾ ਦੇ ਕਸਬਾ ਰਮਦਾਸ ਦੇ ਸਰਹੱਦੀ ਪਿੰਡ ਘੋਹਨੇਵਾਲਾ ਵਿੱਚ ਰਾਵੀ ਦਰਿਆ ਅੰਦਰ ਪਾਣੀ ਦੇ ਵਧੇ ਪੱਧਰ ਕਾਰਨ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਮੌਕੇ ਕਹੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੇਂਦਰੀ ਸੱਤਾ ’ਤੇ ਰਾਜ ਕਰਨ ਵਾਲੀ ਭਾਜਪਾ ਦੀ ਮੋਦੀ ਸਰਕਾਰ ਨੂੰ ਹਰਾਉਣ ਅਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਕੌਮੀ ਪੱਧਰ ਤੇ ਭਾਵੇਂ ਕਾਂਗਰਸ, ਆਮ ਆਦਮੀ ਪਾਰਟੀ ਸਣੇ ਹੋਰ ਪਾਰਟੀਆਂ ਨਾਲ ‘ਇੰਡੀਆ’ ਨਾਮ ਦਾ ਗੱਠਜੋੜ ਹੋ ਗਿਆ ਹੈ ਪਰ ਪੰਜਾਬ ਕਾਂਗਰਸ ਸੂਬੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਹੀ ਨਿਭਾਏਗੀ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਕਾਂਗਰਸ ਪਾਰਟੀ ਨੇ ਬਲਾਕ ਪੱਧਰ ਦੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਜੋ ਪੂਰਾ ਜਾਇਜ਼ਾ ਲੈ ਕੇ ਆਪਣੀ ਰਿਪੋਰਟ ਦੇਣਗੇ। ਇਸੇ ਆਧਾਰ ’ਤੇ ਸੂਬਾ ਕਾਂਗਰਸ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਲੋਕਾਂ ਨੂੰ ਰਾਹਤ ਦੇਣ ਲਈ ਮੋਦੀ ਸਰਕਾਰ ਵਿਸ਼ੇਸ਼ ਪੈਕਜ ਦਾ ਐਲਾਨ ਕਰੇ। ਇਸ ਤੋਂ ਪਹਿਲਾਂ ਉਹ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ, ਹਰਮਿੰਦਰ ਸਿੰਘ ਗਿੱਲ, ਭਗਵੰਤਪਾਲ ਸਿੰਘ ਸੱਚਰ ਸਮੇਤ ਆਗੂਆਂ ਨਾਲ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਸਮਾਧਾਂ ’ਤੇ ਨਤਮਸਤਕ ਵੀ ਹੋਏ।