ਚਮਕੌਰ ਸਾਹਬਿ , 20 ਜੁਲਾਈ
ਦੋ ਹਫਤੇ ਪਹਿਲਾਂ ਪਏ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਰਕੇ ਚਮਕੌਰ ਸਾਹਬਿ ਦੇ ਇਲਾਕੇ ਖਾਸਕਰ ਬੇਟ ਤੇ ਮੰਡ ਖੇਤਰ ’ਚ ਭਾਰੀ ਤਬਾਹੀ ਹੋਈ ਹੈ। ਇਲਾਕੇ ’ਚ ਵਗਦੀਆਂ ਸੀਸਵਾਂ ਤੇ ਬੁੱਦਕੀ ਨਦੀਆਂ ਦਾ ਬੰਨ੍ਹ ਕਈ ਥਾਂ ਤੋਂ ਟੁੱਟਿਆ ਹੈ ਤੇ ਪਿੰਡ ਕਮਾਲਪੁਰ ਨੇੜੇ ਨਦੀ ਸਦੀ ਪੁਰਾਣੇ ਬੰਨ੍ਹ ਨੂੰ ਤੋੜ ਕੇ ਸਰਹਿੰਦ ਨਹਿਰ ਵਿੱਚ ਵੀ ਦਾਖਲ ਹੋ ਚੁੱਕੀ ਹੈ, ਜਿੱਥੇ ਕਿ ਹੁਣ ਪ੍ਰਸ਼ਾਸ਼ਨ ਵੱਲੋਂ ਕਈ ਮਸ਼ੀਨਾਂ ਸਮੇਤ ਸੈਂਕੜੇ ਮਜ਼ਦੂਰ ਲਗਾ ਕੇ ਬੰਨ੍ਹ ਲਗਾਇਆ ਜਾ ਰਿਹਾ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਦਹਾਕਿਆਂ ਤੋਂ ਇਨ੍ਹਾਂ ਨਾਲਿਆਂ, ਨਦੀਆਂ ਤੇ ਸਤਲੁਜ ਦੇ ਧੁੱਸੀ ਬੰਨ੍ਹ ਦੀ ਸਰਕਾਰੀ ਪੱਧਰ ‘ਤੇ ਕੋਈ ਖਾਸ ਮੁਰੰਮਤ ਜਾਂ ਸਫਾਈ ਨਹੀ ਹੋਈ। ਇਸੇ ਕਾਰਨ ਸੀਸਵਾਂ ਨਦੀ ਦੇ ਟੁੱਟਣ ਕਾਰਨ ਮੰਡ ਖੇਤਰ ਦੇ ਪਿੰਡਾਂ ਟੱਪਰੀਆਂ ਘੜੀਸਪੁਰ, ਰਾਮਗੜ੍ਹ-ਬੂਥਗੜ੍ਹ , ਚੁਪਕੀ ਅਤੇ ਸੁਰਤਾਪੁਰ ਦਾ ਭਾਰੀ ਨੁਕਸਾਨ ਹੋਇਆ ਹੈ। ਸਾਬਕਾ ਮੁਲਾਜ਼ਮ ਆਗੂ ਸੁਖਦੇਵ ਸਿੰਘ ਸੁਰਤਾਪੁਰ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਦੀ ਪੰਜ ਸੌ ਏਕੜ ਤੋਂ ਵੱਧ ਜ਼ਮੀਨ ਵਿਚਲੀ ਫਸਲ ਤਬਾਹ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਪਿੰਡ ਸੰਨ 1972 ਵਿੱਚ ਅਨੁਸੂਚਿਤ ਜਾਤੀ ਭੂ ਵਿਕਾਸ ਕਾਰਪੋਰੇਸ਼ਨ ਵੱਲੋਂ ਵਸਾਏ ਗਏ ਸਨ ਅਤੇ ਇਹ ਪਿੰਡ ਸਾਲ 1977, 1983, 1988, 1990 , 1993 ਅਤੇ ਸਾਲ 2000 ਦੌਰਾਨ ਹੜ੍ਹਾਂ ਦਾ ਸੰਤਾਪ ਪਿੰਡੇ ’ਤੇ ਹੰਢਾਅ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਹਰ ਘਰ ਦਾ ਸਮਾਨ ਭਿੱਜ ਕੇ ਖਰਾਬ ਹੋ ਚੁੱਕਾ ਹੈ। ਭਾਰੀ ਮੀਂਹ ਕਾਰਨ ਇਲਾਕੇ ਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਦੀ ਪਹਿਲ ‘ਤੇ ਆਧਾਰ ਮੁਰੰਮਤ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਬੇਟ ਖੇਤਰ ਦੇ ਲੋਕ ਸੰਨ 1978 ਸੰਨ ਵਿਚ ਅਜਿਹੇ ਹਾਲਾਤ ਵੇਖ ਚੁੱਕੇ ਹਨ ਜਦੋਂ ਦੋ ਪਿੰਡ ਮਾਲੇਵਾਲ ਤੇ ਜ਼ਿੰਦਾਪੁਰ ਬੁਰੀ ਤਰ੍ਹਾਂ ਦਰਿਆ ਸਤਲੁਜ ਦੇ ਪਾਣੀ ਦੀ ਲਪੇਟ ’ਚ ਆ ਕੇ ਹੜ੍ਹ ਗਏ ਸਨ ਤੇ ਉਦੋਂ ਕਾਫੀ ਮਾਲੀ ਤੇ ਜਾਨੀ ਨੁਕਸਾਨ ਵੀ ਹੋਇਆ ਸੀ।
ਇਸੇ ਦੌਰਾਨ ਸਮਾਜਸੇਵੀ ਅਮਨਦੀਪ ਸਿੰਘ ਮਾਂਗਟ ਅਤੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਕੀਤੇ ਜਾ ਰਹੇ ਕੰਮਾਂ ’ਤੇ ਸਖਤ ਨਿਗਰਾਨੀ ਲਈ ਸਰਕਾਰ ਨੂੰ ਨਿਗਰਾਨ ਕਮੇਟੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ ਤਾਂ ਅੱਗੇ ਹੜ੍ਹਾਂ ਨਾਲ ਅਜਿਹੀ ਤਬਾਹੀ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਦਰਿਆਵਾਂ, ਨਦੀਆਂ ਅਤੇ ਨਾਲਿਆਂ ਦੇ ਰਾਹਾਂ ਤੋਂ ਕਥਿਤ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਵੀ ਕੀਤੀ।