ਫਾਜ਼ਿਲਕਾ, 30 ਅਗਸਤ
ਸਰਹੱਦੀ ਲੋਕ ਮੁਸ਼ਕਲਾਂ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਸ ਵਾਰ ਹੜ੍ਹਾਂ ਨੇ ਤਾਂ ਉਨ੍ਹਾਂ ਨੂੰ ਬੇਘਰ ਕਰ ਹੀ ਦਿੱਤਾ ਪਰ ਤਾਂ ਵੀ ਮੁਸ਼ਕਲਾਂ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਰਹੀਆਂ ਕਿਉਂਕਿ ਉਨ੍ਹਾਂ ਨੂੰ ਖਸਤਾ ਹਾਲ ਕਿਸ਼ਤੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਦੀ ਤਾਜ਼ਾ ਉਦਾਹਰਨ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਵਿੱਚ ਸਾਹਮਣੇ ਆਈ, ਜਿਥੇ ਇੱਕ ਬੇੜੀ ਪਾਣੀ ਭਰ ਜਾਣ ਕਾਰਨ ਡੁੱਬ ਗਈ ਅਤੇ ਲੋਕਾਂ ਨੇ ਮਸਾਂ ਦਰੱਖਤਾਂ ’ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਓਮ ਸਿੰਘ ਪੰਚਾਇਤ ਮੈਂਬਰ ਪਿੰਡ ਦੋਨਾ ਨਾਨਕਾ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ 12 ਵਜੇ ਦੇ ਕਰੀਬ ਉਨ੍ਹਾਂ ਦੇ ਪਿੰਡ ਦੇ ਕੁਝ ਲੋਕ ਪਿੰਡ ਤੋਂ ਸਤਲੁਜ ਪਾਰ ਕਰ ਕੇ ਕਿਸ਼ਤੀ ਵਿੱਚ ਸਵਾਰ ਹੋ ਕੇ ਦੂਜੇ ਪਾਸੇ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਕਿਸ਼ਤੀ ਟੁੱਟਣ ਕਾਰਨ ਇਸ ਵਿੱਚ ਪਾਣੀ ਭਰ ਗਿਆ। ਇਸ ਤੋਂ ਬਾਅਦ ਹੌਲੀ-ਹੌਲੀ ਕਿਸ਼ਤੀ ਡੁੱਬ ਗਈ। ਇਸ ਦੌਰਾਨ ਇਸ ਕਿਸ਼ਤੀ ’ਚ ਸਵਾਰ ਲੋਕਾਂ ਨੇ ਦਰੱਖ਼ਤਾਂ ’ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਹਾਦਸਾਗ੍ਰਸਤ ਹੋਈ ਕਿਸ਼ਤੀ ’ਚ ਸਵਾਰ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਬੁੱਧ ਸਿੰਘ ਨੇ ਦੱਸਿਆ ਕਿ ਇਸ ਬੇੜੀ ਵਿੱਚ ਕੁੱਲ 12 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਸੀ। ਇਸ ਦੌਰਾਨ ਉਸ ਦੇ ਹੱਥ ਵਿੱਚ ਇੱਕ ਕਿੱਟ ਸੀ, ਜਿਸ ਵਿੱਚ ਉਸ ਦੇ ਪਿੰਡ ਦੀ ਪੰਚਾਇਤ ਦਾ ਐਕਸ਼ਨ ਰਜਿਸਟਰ ਦਾ ਰਿਕਾਰਡ ਸੀ ਜੋ ਉਹ ਦਫਤਰ ਫਾਜ਼ਿਲਕਾ ਵਿੱਚ ਲੈ ਕੇ ਜਾ ਰਿਹਾ ਸੀ। ਇਸ ਹਾਦਸੇ ਵਿੱਚ ਇਹ ਕਿੱਟ ਉਸ ਦੇ ਹੱਥੋਂ ਛੁੱਟ ਗਈ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈ। ਬੁੱਧ ਸਿੰਘ ਨੇ ਦੱਸਿਆ ਕਿ ਪਿਛਲੇ ਹੜ੍ਹ ਦੌਰਾਨ ਉਨ੍ਹਾਂ ਦੀ ਮੰਗ ’ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹ ਕਿਸ਼ਤੀ ਮੁਹੱਈਆ ਕਰਵਾਈ ਸੀ। ਥਾਂ-ਥਾਂ ਤੋਂ ਟੁੱਟੀ ਹੋਈ ਇਸ ਕਿਸ਼ਤੀ ਸਬੰਧੀ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਸੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਹੋਰ ਕਿਸ਼ਤੀਆਂ ਨਹੀਂ ਹਨ।