ਚੰਡੀਗੜ੍ਹ, 3 ਅਗਸਤ
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਇਹ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਿਰਦਾਵਰੀ ਦਾ ਕੰਮ ਪੂਰੀ ਨਿਰਪੱਖਤਾ ਤੇ ਪਾਰਦਰਸ਼ਤਾ ਨਾਲ ਕੀਤਾ ਜਾਵੇ ਤਾਂ ਜੋ ਕੋਈ ਵੀ ਪੀੜਤ ਵਾਂਝਾ ਨਾ ਰਹੇ। ਇਸ ਦੇ ਨਾਲ ਹੀ ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਮੌਕੇ ’ਤੇ ਜਾ ਕੇ ਖ਼ੁਦ ਸਥਿਤੀ ਦਾ ਜਾਇਜ਼ਾ ਲੈਣ ਲਈ ਵੀ ਕਿਹਾ ਗਿਆ ਹੈ। ਅੱਜ ਮੀਟਿੰਗ ਦੌਰਾਨ ਵਰਮਾ ਨੇ ਜ਼ਿਲ੍ਹਾ ਵਾਰ ਡਿਪਟੀ ਕਮਿਸ਼ਨਰਾਂ ਤੋਂ ਮੁਆਵਜ਼ੇ ਤੇ ਗਿਰਦਾਵਰੀ ਦੇ ਕੰਮ ਦੀ ਰਿਪੋਰਟ ਲੈਂਦਿਆਂ ਪੈਂਡਿੰਗ ਮੁਆਵਜ਼ੇ ਦੇ ਕੇਸ ਤੁਰੰਤ ਨਿਪਟਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਨੁਕਸਾਨੇ ਝੋਨੇ ਲਈ ਸਰਕਾਰ ਵੱਲੋਂ ਮੁਫ਼ਤ ਪਨੀਰੀ ਦਿੱਤੀ ਜਾ ਰਹੀ ਹੈ ਤੇ ਇਸ ਸਬੰਧੀ ਖੇਤੀਬਾੜੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਨੋਡਲ ਅਫ਼ਸਰ ਹਨ।