ਲਾਸ ਏਂਜਲਸ, 29 ਅਕਤੂਬਰ

‘ਕੁਆਂਟਿਕੋ’ ਦੀ ਸਟਾਰ ਪ੍ਰਿਯੰਕਾ ਚੋਪੜਾ ਜੋਨਸ, ‘ਆਊਟਲੈਂਡਰ’ ਸਟਾਰ ਸੈਮ ਹੇਘਨ ਤੇ ਸੰਗੀਤ ਮਹਾਰਥੀ ਸੇਲੀਨ ਡਾਓਨ ਨੂੰ ਇਕ ਰੋਮਾਂਟਿਕ ਡਰਾਮਾ ਫ਼ਿਲਮ ਲਈ ਸਾਈਨ ਕੀਤਾ ਗਿਆ ਹੈ। ਫ਼ਿਲਮ ਦਾ ਨਾਂ ‘ਟੈਕਸਟ ਫਾਰ ਯੂ’ ਰੱਖਿਆ ਗਿਆ ਹੈ। ‘ਹੌਲੀਵੁੱਡ ਰਿਪੋਰਟਰ’ ਮੁਤਾਬਕ ‘ਗ੍ਰੇਸ ਇਜ਼ ਗੋਨ’ ਦੇ ਨਿਰਦੇਸ਼ਕ ਜਿਮ ਸਟਰਾਊਸ ਫਿਲਮ ਦਾ ਨਿਰਦੇਸ਼ਨ ਕਰਨਗੇ। ਜਿਮ ਨੇ ਲੌਰਿਨ ਕਾਨ੍ਹ ਨਾਲ ਮਿਲ ਕੇ ਫ਼ਿਲਮ ਦੀ ਪਟਕਥਾ ਲਿਖੀ ਹੈ। ਇਹ 2016 ਦੀ ਜਰਮਨ ਭਾਸ਼ਾ ਦੀ ਫ਼ਿਲਮ ਤੋਂ ਪ੍ਰਭਾਵਿਤ ਹੈ ਜੋ ਕਿ ਇਸੇ ਨਾਂ ਦੇ ਸੋਫ਼ੀ ਕ੍ਰੈਮਰ ਦੇ ਮਸ਼ਹੂਰ ਨਾਵਲ ਉਤੇ ਬਣੀ ਸੀ। ਫ਼ਿਲਮ ਦੀ ਕਹਾਣੀ ਮੁਤਾਬਕ ਮੰਗੇਤਰ ਨੂੰ ਗੁਆਉਣ ਤੋਂ ਬਾਅਦ ਆਪਣਾ ਦਰਦ ਘੱਟ ਕਰਨ ਲਈ ਇਕ ਔਰਤ ਉਸ ਦੇ (ਮੰਗੇਤਰ) ਪੁਰਾਣੇ ਮੋਬਾਈਲ ਉਤੇ ਰੁਮਾਂਟਿਕ ਸੁਨੇਹੇ ਭੇਜਣੇ ਸ਼ੁਰੂ ਕਰ ਦਿੰਦੀ ਹੈ। ਉਸ ਦੇ ਮੰਗੇਤਰ ਦੀ ਥਾਂ ਨੰਬਰ ਸ਼ਹਿਰ ਵਿਚ ਜਿਸ ਵਿਅਕਤੀ ਨੂੰ ਮਿਲਿਆ ਹੁੰਦਾ ਹੈ, ਉਹ ਵੀ ਇਸੇ ਤਰ੍ਹਾਂ ਦੀ ਪੀੜ ਵਿਚੋਂ ਲੰਘ ਰਿਹਾ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਇਕ ਰਿਸ਼ਤਾ ਬਣ ਜਾਂਦਾ ਹੈ ਪਰ ਅਤੀਤ ਨੂੰ ਭੁੱਲਣਾ ਉਨ੍ਹਾਂ ਨੂੰ ਬਹੁਤ ਔਖਾ ਜਾਪਦਾ ਹੈ। ਫਿਲਮ ਦਾ ਨਿਰਮਾਣ ‘ਏ ਸਟਾਰ ਇਜ਼ ਬੋਰਨ’ ਤੇ ‘ਜੌਹਨ ਵਿਕ’ ਜਿਹੀਆਂ ਫ਼ਿਲਮਾਂ ਬਣਾਉਣ ਵਾਲੀ ਕੰਪਨੀ ‘ਥੰਡਰ ਰੋਡ’ ਕਰੇਗੀ।