ਬੈਂਗਲੁਰੂ : ਜਬਰਦਸਤ ਫਾਰਮ ਵਿਚ ਚਲ ਰਹੇ ਭਾਰਤੀ ਓਪਨਰ ਪ੍ਰਿਥਵੀ ਸ਼ਾਹ (61) ਅਤੇ ਕਪਤਾਨ ਸ਼੍ਰੇਅਸ ਅਈਅਰ ਦੇ ਸ਼ਾਨਦਾਰ ਅਰਧ ਸੈਂਕੜਿਆ ਦੀ ਬਦੌਲਤ ਮੁੰਬਈ ਨੇ ਹੈਦਰਾਬਾਦ ਨੂੰ ਮੀਂਹ ਪ੍ਰਭਾਵਿਤ ਮੁਕਾਬਲੇ ਵਿਚ ਵੀ. ਜੇ. ਡੀ. ਪ੍ਰਣਾਲੀ ਦੇ ਤਹਿਤ ਬੁੱਧਵਾਰ ਨੂੰ 60 ਦੌੜਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਮੁੰਬਈ ਦੀ ਟੀਮ 6 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ ਦੇ ਫਾਈਨਲ ਵਿਚ ਪਹੁੰਚੀ ਹੈ। ਉਸ ਨੂੰ 2011-12 ਦੇ ਫਾਈਨਲ ਵਿਚ ਬੰਗਾਲ ਦੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮੁੰਬਈ ਨੇ ਇਸ ਤੋਂ ਪਹਿਲਾਂ 2006-07 ਵਿਚ ਰਾਜਸਥਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਸਾਲ 2003-04 ਵਿਚ ਜਦੋਂ ਫਾਈਨਲ ਨਹੀਂ ਖੇਡੇ ਜਾਂਦੇ ਸੀ ਤਦ ਮੁੰਬਈ ਦੀ ਟੀਮ ਜੇਤੂ ਰਹੀ ਸੀ। ਮੁੰਬਈ ਦਾ ਫਾਈਨਲ ਵਿਚ ਦਿੱਲੀ ਅਤੇ ਝਾਰਖੰਡ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ 20 ਅਕਤੂਬਰ ਨੂੰ ਮੁਕਾਬਲਾ ਹੋਵੇਗਾ।