ਬੰਗਲੌਰ, 24 ਸਤੰਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਕੌਮਾਂਤਰੀ ਕ੍ਰਿਕਟ ਮੈਚ ਦੌਰਾਨ ਤੇਜ਼ ਗੇਂਦਬਾਜ਼ ਬਿਊਰਨ ਹੈਂਡਰਿਕਸ ਨਾਲ ਮੋਢਾ ਟਕਰਾਉਣ ਕਾਰਨ ਅਧਿਕਾਰਤ ਤੌਰ ’ਤੇ ਚਿਤਾਵਨੀ ਦਿੱਤੀ ਗਈ ਅਤੇ ਉਸ ਦੇ ਖਾਤੇ ਵਿੱਚ ਇੱਕ ‘ਡੀਮੈਰਿਟ’ ਅੰਕ ਵੀ ਜੋੜਿਆ ਗਿਆ। ਇਸ ਤਰ੍ਹਾਂ ਕੋਹਲੀ ਦੇ ਖਾਤੇ ਵਿੱਚ ਤਿੰਨ ਡੀਮੈਰਿਟ ਅੰਕ ਹੋ ਗਏ ਹਨ। ਚਾਰ ਡੀਮੈਰਿਟ ਅੰਕ ਹੋਣ ’ਤੇ ਭਾਰਤੀ ਕਪਤਾਨ ਉਪਰ ਇੱਕ ਟੈਸਟ ਜਾਂ ਦੋ ਇੱਕ ਰੋਜ਼ਾ ਜਾਂ ਦੋ ਟੀ-20 ਕੌਮਾਂਤਰੀ ਮੈਚਾਂ ਦੀ ਪਾਬੰਦੀ ਲੱਗ ਸਕਦੀ ਹੈ।
ਕੋਹਲੀ ਨੂੰ ਇੱਥੇ ਐਤਵਾਰ ਨੂੰ ਖੇਡੇ ਗਏ ਮੈਚ ਵਿੱਚ ਆਈਸੀਸੀ ਜ਼ਾਬਤੇ ਦੇ ਲੇਵਲ 1 ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ। ਆਈਸੀਸੀ ਨੇ ਬਿਆਨ ਵਿੱਚ ਕਿਹਾ, ‘‘ਕੋਹਲੀ ਨੂੰ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਲਈ ਆਈਸੀਸੀ ਜ਼ਾਬਤੇ ਦੀ ਧਾਰਾ 2.12 ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ। ਇਹ ਧਾਰਾ ਕਿਸੇ ਕੌਮਾਂਤਰੀ ਮੈਚ ਦੌਰਾਨ ਖਿਡਾਰੀ, ਖਿਡਾਰੀ ਦੇ ਸਹਿਯੋਗੀ ਸਟਾਫ਼, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ (ਦਰਸ਼ਕ ਸਣੇ) ਨਾਲ ਗ਼ਲਤ ਢੰਗ ਨਾਲ ਟਕਰਾਉਣ ਨਾਲ ਸਬੰਧਿਤ ਹੈ।’’ ਇਹ ਘਟਨਾ ਭਾਰਤੀ ਪਾਰੀ ਦੇ ਪੰਜਵੇਂ ਓਵਰ ਵਿੱਚ ਵਾਪਰੀ, ਜਦੋਂ ਕੋਹਲੀ ਨੇ ਦੌੜ ਲੈਂਦਿਆਂ ਗੇਂਦਬਾਜ਼ ਬਿਊਰਨ ਹੈਂਡ੍ਰਿਕਸ ਨੂੰ ਆਪਣਾ ਮੋਢਾ ਮਾਰਿਆ। ਆਈਸੀਸੀ ਅਨੁਸਾਰ ਕੋਹਲੀ ਦੇ ਖਾਤੇ ਵਿੱਚ ਇੱਕ ‘ਡੀਮੈਰਿਟ’ ਅੰਕ ਵੀ ਜੋੜਿਆ ਗਿਆ ਹੈ। ਇਹ ਸਤੰਬਰ 2016 ਵਿੱਚ ਸੋਧਿਆ ਜ਼ਾਬਤਾ ਲਾਗੂ ਹੋਣ ਮਗਰੋਂ ਕੋਹਲੀ ਦਾ ਤੀਜਾ ਅਪਰਾਧ ਹੈ। ਕੋਹਲੀ ਦੇ ਹੁਣ ਤਿੰਨ ‘ਡੀਮੈਰਿਟ’ ਅੰਕ ਹੋ ਗਏ ਹਨ। ਉਸ ਨੂੰ ਦੱਖਣੀ ਅਫਰੀਕਾ ਖ਼ਿਲਾਫ਼ 15 ਜਨਵਰੀ 2018 ਨੂੰ ਪ੍ਰਿਟੋਰੀਆ ਟੈਸਟ ਅਤੇ ਅਫ਼ਗਾਨਿਸਤਾਨ ਖ਼ਿਲਾਫ਼ 22 ਜੂਨ 2019 ਨੂੰ ਵਿਸ਼ਵ ਕੱਪ ਮੈਚ ਦੌਰਾਨ ਵੀ ਇੱਕ-ਇੱਕ ਡੀਮੈਰਿਟ ਅੰਕ ਮਿਲਿਆ ਸੀ।
ਕੋਹਲੀ ਨੂੰ ਇੱਕ ਹੋਰ ਡੀਮੈਰਿਟ ਅੰਕ ਮਿਲਣ ’ਤੇ ਉਸ ਨੂੰ ਇੱਕ ਟੈਸਟ ਜਾਂ ਦੋ ਇੱਕ ਰੋਜ਼ਾ ਜਾਂ ਦੋ ਟੀ-20 ਮੈਚਾਂ ਦੀ ਪਾਬੰਦੀ ਝੱਲਣੀ ਪੈ ਸਕਦੀ ਹੈ। ਆਈਸੀਸੀ ਨਿਯਮਾਂ ਅਨੁਸਾਰ 24 ਮਹੀਨਿਆਂ ਅੰਦਰ ਚਾਰ ਜਾਂ ਇਸ ਤੋਂ ਵੱੱਧ ਡੀਮੈਰਿਟ ਅੰਕ ਮਿਲਣ ’ਤੇ ਇਹ ਪਾਬੰਦੀ ਬਦਲ ਜਾਂਦੇ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਕਪਤਾਨ ਨੇ ਆਪਣੀ ਗ਼ਲਤੀ ਅਤੇ ਮੈਚ ਰੈਫਰੀ ਰਿਚੀ ਰਿਚਰਡਸਨ ਦੀ ਸਜ਼ਾ ਨੂੰ ਕਬੂਲ ਕਰ ਲਿਆ ਸੀ ਅਤੇ ਇਸ ਲਈ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ।
ਮੈਦਾਨੀ ਅੰਪਾਇਰ ਨਿਤਿਨ ਮੈਨਨ ਅਤੇ ਸੀਕੇ ਨੰਦਨ, ਤੀਜੇ ਅੰਪਾਇਰ ਅਨਿਲ ਚੌਧਰੀ ਅਤੇ ਚੌਥੇ ਅੰਪਾਇਰ ਸੀ ਸ਼ਮਸੂਦੀਨ ਨੇ ਉਸ ’ਤੇ ਦੋਸ਼ ਲਾਏ ਸਨ। ਲੇਵਲ-1 ਦੀ ਉਲੰਘਣਾ ’ਤੇ ਘੱਟ ਤੋਂ ਘੱਟ ਸਜ਼ਾ ਅਧਿਕਾਰਤ ਝਾੜ-ਝੰਬ ਅਤੇ ਵੱਧ ਤੋਂ ਖਿਡਾਰੀ ਦੀ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਅਤੇ ਇੱਕ ਜਾਂ ਦੋ ਡੀਮੈਰਿਟ ਅੰਕ ਦਿੱਤਾ ਜਾਣਾ ਸ਼ਾਮਲ ਹੈ।