ਨਾਗਪੁਰ, 6 ਫਰਵਰੀ
ਸ਼ੁਰੂਆਤੀ ਝਟਕਿਆਂ ਮਗਰੋਂ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਰਣਜੀ ਟਰਾਫੀ ਫਾਈਨਲ ਦੇ ਤੀਜੇ ਦਿਨ ਅੱਜ ਇੱਥੇ ਸੌਰਾਸ਼ਟਰ ਨੂੰ ਵਾਪਸੀ ਦਿਵਾਈ ਹੈ। ਸਲਾਮੀ ਬੱਲੇਬਾਜ਼ ਸਨੇਲ ਪਟੇਲ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਧਰਮਿੰਦਰ ਸਿੰਘ ਜਡੇਜਾ ਦੀ ਫ਼ਿਰਕੀ ਦੀ ਬਦੌਲਤ ਸੌਰਾਸ਼ਟਰ ਨੇ ਵਿਦਰਭ ਨੂੰ ਪੰਜ ਦੌੜਾਂ ਦੀ ਲੀਡ ਲੈਣ ਤੋਂ ਰੋਕ ਦਿੱਤਾ।
ਸੌਰਾਸ਼ਟਰ ਦੀ ਟੀਮ ਨੇ ਅੱਜ ਪੰਜ ਵਿਕਟਾਂ ’ਤੇ 158 ਦੌੜਾਂ ਤੋਂ ਅੱਗੇ ਖੇਡਦਿਆਂ ਪਹਿਲੀ ਪਾਰੀ ਵਿੱਚ 307 ਦੌੜਾਂ ਬਣਾਈਆਂ। ਵਿਦਰਭ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 312 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਵਿਦਰਭ ਨੇ ਦੂਜੀ ਪਾਰੀ ਵਿੱਚ ਸਲਾਮੀ ਬੱਲੇਬਾਜ਼ਾਂ ਕਪਤਾਨ ਫ਼ੈਜ਼ ਫ਼ਜ਼ਲ (ਦਸ ਦੌੜਾਂ) ਅਤੇ ਸੰਜੈ ਰਘੂਨਾਥ (16 ਦੌੜਾਂ) ਦੀਆਂ ਵਿਕਟਾਂ ਗੁਆ ਕੇ ਦੋ ਵਿਕਟਾਂ ’ਤੇ 55 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੂੰ ਜਡੇਜਾ (36 ਦੌੜਾਂ ’ਤੇ ਦੋ ਵਿਕਟਾਂ) ਨੇ ਬਾਹਰ ਦਾ ਰਸਤਾ ਵਿਖਾਇਆ। ਦਿਨ ਦੀ ਖੇਡ ਖ਼ਤਮ ਹੋਣ ’ਤੇ ਗਣੇਸ਼ ਸਤੀਸ਼ 24 ਦੌੜਾਂ, ਜਦਕਿ ਅਨੁਭਵੀ ਸਵੀਮ ਜ਼ਫ਼ਰ ਪੰਜ ਦੌੜਾਂ ਬਣਾ ਕੇ ਖੇਡ ਰਹੇ ਸਨ। ਵਿਦਰਭ ਦੀ ਲੀਡ 60 ਦੌੜਾਂ ਹੀ ਹੋ ਗਈ ਹੈ, ਜਦਕਿ ਉਸ ਦੀਆਂ ਅੱਠ ਵਿਕਟਾਂ ਬਾਕੀ ਪਈਆਂ ਹਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਸੌਰਾਸ਼ਟਰ ਦੀ ਸ਼ੁਰੂਆਤ ਜ਼ਿਆਦਾ ਚੰਗੀ ਨਹੀਂ ਰਹੀ। ਪਟੇਲ ਨੇ 87 ਦੌੜਾਂ ਤੋਂ ਅੱਗੇ ਖੇਡਦਿਆਂ 102 ਦੌੜਾਂ ਬਣਾਈਆਂ। ਉਸ ਨੂੰ ਉਮੇਸ਼ ਯਾਦਵ ਨੇ ਵਸੀਮ ਜ਼ਫ਼ਰ ਹੱਥੋਂ ਕੈਚ ਕਰਵਾ ਕੇ ਸੌਰਾਸ਼ਟਰ ਦਾ ਸਕੋਰ ਸੱਤ ਵਿਕਟਾਂ ਪਿੱਛੇ 184 ਦੌੜਾਂ ਕਰ ਦਿੱਤਾ। ਉਸ ਨੇ 209 ਗੇਂਦਾਂ ਦੀ ਆਪਣੀ ਪਾਰੀ ਦੌਰਾਨ 15 ਚੌਕੇ ਮਾਰੇ। ਜਡੇਜਾ (32 ਗੇਂਦਾਂ ’ਤੇ 23 ਦੌੜਾਂ) ਨੇ ਇਸ ਮਗਰੋਂ ਕਮਲੇਸ਼ ਮਕਵਾਨਾ (61 ਗੇਂਦਾਂ ’ਤੇ 27 ਦੌੜਾਂ) ਨਾਲ ਅੱਠਵੀਂ ਵਿਕਟ ਲਈ 38 ਦੌੜਾਂ ਜੋੜ ਕੇ ਟੀਮ ਦਾ ਸਕੋਰ 200 ਦੌੜਾਂ ਤੋਂ ਪਾਰ ਪਹੁੰਚਾਇਆ। ਖੱਬੇ ਹੱਥ ਦੇ ਸਪਿੰਨਰ ਅਦਿਤਿਆ ਸਰਵਟੇ (98 ਦੌੜਾਂ ਦੇ ਕੇ ਪੰਜ ਵਿਕਟਾਂ) ਨੇ ਜਡੇਜਾ ਨੂੰ ਜ਼ਫ਼ਰ ਹੱਥੋਂ ਕੈਚ ਕਰਵਾ ਕੇ ਸਾਂਝੇਦਾਰੀ ਤੋੜੀ। ਅਕਸਰ ਵਖਾਰੇ (80 ਦੌੜਾਂ ਦੇ ਕੇ ਚਾਰ ਵਿਕਟਾਂ) ਨੇ ਮਕਵਾਨਾ ਦੀ ਪਾਰੀ ਦਾ ਅੰਤ ਕਰਕੇ ਸੌਰਾਸ਼ਟਰ ਨੂੰ ਨੌਂਵਾਂ ਝਟਕਾ ਦਿੱਤਾ।
ਕਪਤਾਨ ਜੈਦੇਵ ਉਨਾਦਕਟ (46 ਦੌੜਾਂ) ਅਤੇ ਚੇਤਨ ਸਕਾਰੀਆ (ਨਾਬਾਦ 28 ਦੌੜਾਂ) ਨੇ ਇਸ ਮਗਰੋਂ ਆਖ਼ਰੀ ਵਿਕਟ ਲਈ 60 ਦੌੜਾਂ ਜੋੜ ਕੇ ਟੀਮ ਦਾ ਸਕੋਰ 300 ਦੌੜਾਂ ਤੋਂ ਪਾਰ ਪਹੁੰਚਾਇਆ ਅਤੇ ਵਿਦਰਭ ਦੀ ਲੀਡ ਸਿਰਫ਼ ਪੰਜ ਦੌੜਾਂ ਤੱਕ ਸੀਮਤ ਕਰ ਦਿੱਛੀ। ਵਖਾਰੇ ਨੇ ਉਨਾਦਕਟ ਨੂੰ ਸੰਜੇ ਹੱਥੋਂ ਕੈਚ ਕਰਵਾ ਕੇ ਸੌਰਾਸ਼ਟਰ ਦੀ ਪਾਰੀ ਦਾ ਅੰਤ ਕੀਤਾ।