ਚੰਡੀਗੜ੍ਹ, 18 ਦਸੰਬਰ
ਮਿਉਂਸਿਪਲ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ‘ਆਪ’ ਦੀ ਪੰਜਾਬ ਲੀਡਰਸ਼ਿਪ ਦੀ ਅਗਵਾਈ ਹੇਠ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਬਾਅਦ ਹੁਣ ਸਥਾਨਕ ਚੋਣਾਂ ’ਚ ਪਾਰਟੀ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਲੀਡਰਸ਼ਿਪ ’ਤੇ ਸਵਾਲ ਉੱਠੇ ਹਨ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਮਹਿਜ਼ 20 ਸੀਟਾਂ ’ਤੇ ਮਿਲੀ ਜਿੱਤ ਬਾਅਦ ਖਾਸ ਕਰਕੇ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੇ ਕੌਮੀ ਲੀਡਰਸ਼ਿਪ ਉਪਰ ਕਈ ਤਰ੍ਹਾਂ ਦੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਜੇਕਰ ਹਾਈਕਮਾਂਡ ਟਿਕਟਾਂ ਦੀ ਵੰਡ ਆਦਿ ਵਿੱਚ ਸੂਬਾਈ ਇਕਾਈ ’ਚ ਫਾਲਤੂ ਦਖਲਅੰਦਾਜ਼ੀ ਨਾ ਕਰਦੀ ਤਾਂ ਨਤੀਜੇ ਕੁਝ ਹੋਰ ਹੋਣੇ ਸਨ। ਇਸ ਬਾਅਦ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਦੋਵੇਂ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਇਸ ਅਹੁਦੇ ਤੋਂ ਫਾਰਗ ਕਰ ਦਿੱਤਾ ਸੀ ਅਤੇ ਸੂਬਾਈ ਲੀਡਰਸ਼ਿਪ ਨੂੰ ਸਥਾਨਕ ਫੈਸਲੇ ਖੁਦ ਲੈਣ ਦੀ ਖੁੱਲ੍ਹ ਦਿੱਤੀ ਸੀ। ਹਾਈਕਮਾਂਡ ਨੇ ਨਾ ਤਾਂ ਗੁਰਦਾਸਪੁਰ ਜ਼ਿਮਨੀ ਚੋਣ ਅਤੇ ਨਾ ਹੀ ਹੁਣ ਮਿਉਂਸਿਪਲ ਚੋਣਾਂ ਵਿੱਚ ਟਿਕਟਾਂ ਦੀ ਵੰਡ ਆਦਿ ਵਿੱਚ ਕੋਈ ਦਖਲਅੰਦਾਜ਼ੀ ਕੀਤੀ। ਸਥਾਨਕ ਚੋਣਾਂ ਦੌਰਾਨ ਸ੍ਰੀ ਮਾਨ, ਅਰੋੜਾ ਅਤੇ ਸ੍ਰੀ ਖਹਿਰਾ ਨੇ ਤਕਰੀਬਨ ਪੂਰੀ ਜ਼ਿੰਮੇਵਾਰੀ ਹੇਠਲੀ ਲੀਡਰਸ਼ਿਪ ’ਤੇ ਹੀ ਸੁੱਟ ਦਿੱਤੀ ਸੀ। ਇਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਮਿਉਂਸਿਪਲ ਚੋਣਾਂ ਲਈ ਖ਼ੁਦ ਰਣਨੀਤੀ ਬਣਾ ਰਹੇ ਸਨ ਅਤੇ ਦੂਜੇ ਪਾਸੇ ‘ਆਪ’ ਲੀਡਰਸ਼ਿਪ ਸ੍ਰੀ ਖਹਿਰਾ ਨੂੰ ਡਰੱਗ ਕੇਸ ’ਚ ਸੰਮਨ ਮਾਮਲੇ ਉਤੇ ਆਪਣਾ ਜ਼ੋਰ ਲਾ ਰਹੀ ਸੀ।
ਸਥਾਨਕ ਚੋਣਾਂ ’ਚ ਸਾਰੀਆਂ ਸੀਟਾਂ ਉਪਰ ਲੜਨ ਲਈ ਪਾਰਟੀ ਨੂੰ ਉਮੀਦਵਾਰ ਤਕ ਨਹੀਂ ਮਿਲੇ। ਇਕ ਸੂਬਾਈ ਆਗੂ ਵੱਲੋਂ ਚੋਣਾਂ ਦੌਰਾਨ ਛੋਟੇ ਇਕੱਠਾਂ ਨੂੰ ਸੰਬੋਧਨ ਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਵੀ ਹੇਠਲੀ ਲੀਡਰਸ਼ਿਪ ਭਰੀ-ਪੀਤੀ ਬੈਠੀ ਹੈ। ਸੂਤਰਾਂ ਅਨੁਸਾਰ ਦਿੱਲੀ ਲੀਡਰਸ਼ਿਪ ਦੇ ਨਜ਼ਦੀਕ ਮੰਨੇ ਜਾਂਦੇ ਪੰਜਾਬ ਵਿਚਲੇ ਧੜੇ ਵੱਲੋਂ ਗੁਰਦਾਸਪੁਰ ਬਾਅਦ ਹੁਣ ਮਿਉਂਸਿਪਲ ਚੋਣਾਂ ’ਚ ਪਾਰਟੀ ਦੀ ਵੱਡੀ ਹਾਰ ਕਾਰਨ ਸੂਬਾਈ ਲੀਡਰਸ਼ਿਪ ਉਪਰ ਸਵਾਲ ਉਠਾਏ ਜਾ ਸਕਦੇ ਹਨ। ਸੂਤਰਾਂ ਅਨੁਸਾਰ ਇਸ ਧੜੇ ਨੇ ਦੋ ਗੁਪਤ ਮੀਟਿੰਗਾਂ ਕਰਕੇ ਹਾਈਕਮਾਂਡ ਨੂੰ ਆਪਣੀ ਰਿਪੋਰਟ ਵੀ ਸੌਂਪੀ ਸੀ, ਜਿਸ ’ਚ ਕੁਝ ਆਗੂਆਂ ਦੀ ਕਾਰਜਸ਼ੈਲੀ ਉਪਰ ਸਵਾਲ ਖੜ੍ਹੇ ਕਰਕੇ ਪੰਜਾਬ ਲਈ ਤੁਰੰਤ ਨਵਾਂ ਇੰਚਾਰਜ ਲਾਉਣ ਦੀ ਮੰਗ ਕੀਤੀ ਸੀ।