ਹੁਸ਼ਿਆਰਪੁਰ: ਸ਼ੁੱਕਰਵਾਰ ਰਾਤ ਨੂੰ ਹੁਸ਼ਿਆਰਪੁਰ ‘ਚ ਸਬਜ਼ੀਆਂ ਨਾਲ ਭਰੇ ਇੱਕ ਪਿਕਅੱਪ (ਛੋਟੇ ਟਰੱਕ) ਦੀ ਟੱਕਰ ਕਾਰਨ ਇੱਕ LPG ਟੈਂਕਰ ਵਿੱਚ ਧਮਾਕਾ ਹੋਇਆ, ਜਿਸ ਤੋਂ ਬਾਅਦ ਅੱਗ ਲੱਗ ਗਈ। ਗੈਸ ਦੇ ਰਿਸਾਅ ਕਾਰਨ ਅੱਗ ਨੇ ਆਸ-ਪਾਸ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ 15 ਦੁਕਾਨਾਂ ਅਤੇ 4 ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4 ਹੋ ਗਈ ਹੈ ਜਦਕਿ 30 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੁਖਦਾਈ ਹਾਦਸੇ ਵਿੱਚ ਕੁਝ ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਜ਼ਖਮੀ ਹਨ। ਉਨ੍ਹਾਂ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ। ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ।
ਐਸਡੀਐਮ ਗੁਰਸਿਮਰਨਜੀਤ ਕੌਰ ਨੇ ਦੱਸਿਆ ਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 30 ਲੋਕ ਜ਼ਖਮੀ ਹਨ। ਕੁਝ ਜ਼ਖਮੀ ਸਿਵਲ ਹਸਪਤਾਲ ਵਿੱਚ ਹਨ, ਜਦਕਿ ਕੁਝ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਹਾਦਸੇ ਦੇ ਨੁਕਸਾਨ ਦੀ ਭਰਪਾਈ ਕਰੇਗੀ।

ਐਸਪੀ ਮੇਜਰ ਸਿੰਘ ਨੇ ਕਿਹਾ ਕਿ ਹਾਦਸਾ ਰਾਤ 11:15 ਵਜੇ ਮੰਡਿਆਲਾ ਪਿੰਡ ਨੇੜੇ ਵਾਪਰਿਆ। FIR ਦਰਜ ਕਰ ਲਈ ਗਈ ਹੈ। ਲੋਕਾਂ ਦੇ ਇਲਜ਼ਾਮ ਕਿ ਗੈਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਰਿਆ ਜਾ ਰਿਹਾ ਸੀ, ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸੜਕ ਸਾਫ ਕਰਨ ਦਾ ਕੰਮ ਜਾਰੀ ਹੈ।

ਹਾਦਸੇ ਤੋਂ ਬਾਅਦ ਹੋਸ਼ਿਆਰਪੁਰ-ਜਲੰਧਰ ਨੈਸ਼ਨਲ ਹਾਈਵੇ ਬੰਦ ਹੈ। ਮੁਆਵਜ਼ੇ ਅਤੇ ਜਾਂਚ ਨੂੰ ਲੈ ਕੇ ਸਵੇਰੇ ਲੋਕਾਂ ਨੇ ਧਰਨਾ ਦਿੱਤਾ, ਪਰ ਐਸਡੀਐਮ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।