ਲਾਸ ਏਂਜਲਸ, ਪੋਲੈਂਡ ਦੇ ਹੁਬਰਟ ਹੁਰਕਾਜ਼ ਨੇ ਵਿੰਸਟਨ ਸਲੇਮ ਏਟੀਪੀ ਟੂਰਨਾਮੈਂਟ ਦੇ ਫਾਈਨਲ ਵਿੱਚ ਸੀਨੀਅਰ ਦਰਜਾ ਪ੍ਰਾਪਤ ਬੈਨੋ ਪੇਅਰੇ ਨੂੰ ਤਿੰਨ ਸੈੱਟਾਂ ਵਿੱਚ ਹਰਾ ਕੇ ਉਲਟਫੇਰ ਕੀਤਾ ਅਤੇ ਕਰੀਅਰ ਦਾ ਪਹਿਲਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤਰ੍ਹਾਂ ਉਹ ਵੋਯਟੇਕ ਫਿਬਾਕ ਦੇ 1982 ਵਿੱਚ ਡਬਲਯੂਸੀਟੀ ਸ਼ਿਕਾਗੋ ਖ਼ਿਤਾਬ ਮਗਰੋਂ ਟੂਰ ਸਿੰਗਲਜ਼ ਟੂਰਨਾਮੈਂਟ ਜਿੱਤਣ ਵਾਲਾ ਪੋਲੈਂਡ ਦਾ ਪਹਿਲਾ ਖਿਡਾਰੀ ਬਣ ਗਿਆ ਹੈ। 22 ਸਾਲ ਦੇ ਖਿਡਾਰੀ ਨੇ ਫਾਈਨਲ ਵਿੱਚ 6-3, 3-6, 6-3 ਨਾਲ ਜਿੱਤ ਦਰਜ ਕੀਤੀ। ਉਹ 2019 ਵਿੱਚ ਏਟੀਪੀ ਟੂਰ ਵਿੱਚ ਪਹਿਲੀ ਵਾਰ ਟਰਾਫ਼ੀ ਜਿੱਤਣ ਵਾਲਾ 14ਵਾਂ ਖਿਡਾਰੀ ਵੀ ਬਣ ਗਿਆ। ਫਾਈਨਲ ਤੋਂ ਪਹਿਲਾਂ ਉਸ ਨੇ 16ਵਾਂ ਦਰਜਾ ਪ੍ਰਾਪਤ ਫੇਲਿਕਿਆਨੋ ਲੋਪੇਜ਼, ਦਸਵਾਂ ਦਰਜਾ ਪ੍ਰਾਪਤ ਫਰਾਂਸੈੱਸ ਟੀਅਫੋਅ ਅਤੇ ਦੂਜਾ ਦਰਜਾ ਪ੍ਰਾਪਤ ਡੈਨਿਸ ਸ਼ਾਪੋਵਾਲੋਵ ਨੂੰ ਹਰਾਇਆ ਸੀ।