ਮੁੰਬਈ:ਬੌਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਸੋਨੀਲਿਵ ਦੀ ਸੀਰੀਜ਼ ‘ਮਹਾਰਾਨੀ’ ਦੇ ਦੂਸਰੇ ਸੀਜ਼ਨ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਸੀਰੀਜ਼ ਦੀ ਸ਼ੂਟਿੰਗ ਭੋਪਾਲ, ਹੋਸ਼ੰਗਾਬਾਦ ਅਤੇ ਜੰਮੂ ਤੇ ਕਸ਼ਮੀਰ ਵਿੱਚ ਕੀਤੀ ਗਈ ਹੈ। ਅਦਾਕਾਰਾ ਨੇ ਆਖਿਆ, ‘ਜੰਮੂ ਵਿੱਚ ਭਾਵੇਂ ਬਹੁਤ ਥੋੜ੍ਹੇ ਦ੍ਰਿਸ਼ ਫ਼ਿਲਮਾਏ ਗਏ ਹਨ, ਪਰ ਇਹ ਕਹਾਣੀ ਵਿੱਚ ਬਹੁਤ ਮਹੱਤਵ ਰੱਖਦੇ ਹਨ। ਸੀਰੀਜ਼ ਦਾ ਸੀਜ਼ਨ-2 ਵੱਡਾ, ਵਿਸ਼ਾਲ ਤੇ ਰੋਮਾਂਚਕ ਹੋਵੇਗਾ।’ ਸੀਰੀਜ਼ ਦੇ ਪਹਿਲੇ ਸੀਜ਼ਨ ਵਿੱਚ ਹੁਮਾ ਕੁਰੈਸ਼ੀ ਨੇ ਇੱਕ ਪੇਂਡੂ ਔਰਤ ਰਾਨੀ ਭਾਰਤੀ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਬਿਹਾਰ ਦੀ ਮੁੱਖ ਮੰਤਰੀ ਚੁਣ ਲਿਆ ਜਾਂਦਾ ਹੈ। ਸੁਭਾਸ਼ ਕਪੂਰ ਦੀ ਇਸ ਸੀਰੀਜ਼ ਦੇ ਪਹਿਲੇ ਸੀਜ਼ਨ ਦਾ ਨਿਰਦੇਸ਼ਨ ਕਰਨ ਸ਼ਰਮਾ ਨੇ ਕੀਤਾ ਸੀ, ਜਿਸ ਵਿੱਚ ਸੋਹਮ ਸ਼ਾਹ, ਅਮਿਤ ਸਿਆਲ, ਕਨੀ ਕੁਸਰਤੀ, ਵਿਨੀਤ ਕੁਮਾਰ ਅਤੇ ਇਨਾਮੁਲ ਹੱਕ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਜ਼ਿਕਰਯੋਗ ਹੈ ਕਿ ਅਦਾਕਾਰਾ ਆਖ਼ਰੀ ਵਾਰ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਵਿੱਚ ਦਿਖਾਈ ਦਿੱਤੀ ਸੀ।