ਚੰਡੀਗੜ੍ਹ, 16 ਜੁਲਾਈ
ਆਈਪੀਐੱਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਵੱਲੋਂ ਸੁਸ਼ਮਿਤਾ ਸੇਨ ਨਾਲ ਇੱਕ ਤਸਵੀਰ ਸਾਂਝੀ ਕਰਨ ਮਗਰੋਂ ਅਦਾਕਾਰਾ ਦੇ ਪਿਆਰ ਦੀਆਂ ਗੱਲਾਂ ਹਰ ਥਾਂ ਹੋਣ ਲੱਗੀਆਂ। ਸੋਸ਼ਲ ਮੀਡੀਆ ’ਤੇ ਲਲਿਤ ਮੋਦੀ ਦਾ 27 ਅਪਰੈਲ 2013 ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ, ਜੋ ਉਸ ਨੇ ਸੁਸ਼ਮਿਤਾ ਨੂੰ ਪਹਿਲੀ ਵਾਰ ਕੀਤਾ ਸੀ। ਮੋਦੀ ਨੇ ਆਖਿਆ ਸੀ, ‘ਮੈਂ ਤੁਹਾਨੂੰ ਪਸੰਦ ਕਰਦਾਂ! ਮੇਰੇ ਮੈਸੇਜ ਦਾ ਜਵਾਬ ਜ਼ਰੂਰ ਦੇਣਾ।’ ਇਸ ਟਵੀਟ ’ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਇਕ ਵਿਅਕਤੀ ਨੇ ਆਖਿਆ, ‘ਆਖ਼ਰਕਾਰ ਲਲਿਤ ਮੋਦੀ ਨੂੰ 9 ਸਾਲ ਬਾਅਦ ਸਬਰ ਦਾ ਫ਼ਲ ਮਿਲਿਆ।’’ ਅਜਿਹੇ ਵਿੱਚ ਸੁਸ਼ਮਿਤਾ ਦੇ ਚਾਹੁਣ ਵਾਲੇ ਚੁੱਪ ਕਿਵੇਂ ਨਹੀਂ ਰਹਿ ਸਕਦੇ ਹਨ। ਉਨ੍ਹਾਂ ਨੇ ਅਦਾਕਾਰਾ ਦੀ ਇੱਕ ਪੁਰਾਣੀ ਵੀਡੀਓ ਦਾ ਕਿੱਸਾ ਖੋਲ੍ਹ ਲਿਆ ਹੈ, ਜਿਸ ਵਿੱਚ ਉਹ ਮਾਲਦੀਵ ਵਿੱਚ ਮੌਜ-ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਸੀ, ‘‘ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਇਹ ਪਤਾ ਹੋਵੇ ਕਿ ਤੁਸੀਂ ਮੇਰੀ ਜ਼ਿੰਦਗੀ ਹੋ।’’ ਉਸ ਨੇ ਹੈਪੀ ਵਾਈਬਜ਼ ਤੇ ਸ਼ਾਂਤੀ ਵਰਗੇ ਕਈ ਹੈਸ਼ਟੈਗ ਵੀ ਵਰਤੇ ਹਨ। ਸੁਸ਼ਮਿਤਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਸੀ, ‘ਮੈਂ ਤੁਹਾਨੂੰ ਪਿਆਰ ਕਰਦੀ ਹਾਂ!’ ਹੁਣ ਉਸ ਦੇ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਇਹ ਗੱਲਾਂ ਉਸ ਦੇ ਪਿਆਰੇ ਲਲਿਤ ਮੋਦੀ ਲਈ ਕਹੀਆਂ ਸਨ ਅਤੇ ਉਹ ਦੋਵੇਂ ਇਕੱਠੇ ਛੁੱਟੀਆਂ ਮਨਾ ਰਹੇ ਸਨ। ਲਲਿਤ ਮੋਦੀ ਵੱਲੋਂ ਹਾਲ ਹੀ ਵਿੱਚ ਸਾਂਝੀ ਕੀਤੀ ਤਸਵੀਰ ਵੀ ਉਸੇ ਥਾਂ ਦੀ ਹੈ, ਜਿਥੋਂ ਅਦਾਕਾਰਾ ਨੇ ਤਸਵੀਰ ਸਾਂਝੀ ਕੀਤੀ ਸੀ। ਹੁਣ ਉਸ ਦੇ ਪ੍ਰਸ਼ੰਸਕ ਕੜੀਆਂ ਜੋੜਨ ਲੱਗੇ ਹੋਏ ਹਨ।