ਜੈਪੁਰ, 24 ਜਨਵਰੀ
ਵਿਵਾਦਿਤ ਨਾਗਰਿਕਤਾ ਸੋਧ ਐਕਟ (ਸੀਏਏ) ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਆਮ ਲੋਕਾਂ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦਿਆਂ ਅਦਾਕਾਰ ਨੰਦਿਤਾ ਦਾਸ ਨੇ ਅੱਜ ਕਿਹਾ ਕਿ ਦੇਸ਼ ਭਰ ਵਿੱਚ ਹੋਰ ਵੀ ਕਈ ਥਾਵਾਂ ਸ਼ਾਹੀਨ ਬਾਗ ਵਰਗੀਆਂ ਬਣ ਰਹੀਆਂ ਹਨ। ਦਾਸ ਨੇ ਲੋਕਾਂ ਨੂੰ ਖੁੱਲ੍ਹ ਕੇ ਸੀਏਏ ਅਤੇ ਐੱਨਆਰਸੀ ਦੇ ਵਿਰੋਧ ਵਿੱਚ ਬੋਲਣ ਲਈ ਵੀ ਆਖਿਆ।
ਇੱਥੇ ਜੈਪੁਰ ਸਾਹਿਤਕ ਮੇਲੇ ਦੌਰਾਨ ਵੱਖਰੇ ਤੌਰ ’ਤੇ ਗੱਲ ਕਰਦਿਆਂ ਨੰਦਿਤਾ ਦਾਸ ਨੇ ਕਿਹਾ, ‘‘ਇੱਥੇ ਚਾਰ ਪੀੜ੍ਹੀਆਂ ਤੋਂ ਰਹਿ ਰਹੇ ਲੋਕਾਂ ਨੂੰ ਉਹ (ਸਰਕਾਰ) ਇਹ ਸਾਬਤ ਕਰਨ ਲਈ ਆਖ ਰਹੇ ਹਨ ਕਿ ਉਹ ਭਾਰਤੀ ਹਨ। ਇਹ ਬਹੁਤ ਮੰਦਭਾਗਾ ਹੈ। ਮੈਨੂੰ ਲੱਗਦਾ ਹੈ ਕਿ ਸਭ ਨੂੰ ਬੋਲਣਾ ਚਾਹੀਦਾ ਹੈ।’’ ਅਦਾਕਾਰਾ ਨੇ ਕਿਹਾ ਕਿ ਸੀਏਏ ਅਤੇ ਐੱਨਆਰਸੀ ਵਿਰੋਧੀ ਪ੍ਰਦਰਸ਼ਨ ‘ਸੁਭਾਵਿਕ’ ਹੀ ਸ਼ੁਰੂ ਹੋਏ ਹਨ ਅਤੇ ਇਨ੍ਹਾਂ ਵਿੱਚ ਕਿਸੇ ਸਿਆਸੀ ਪਾਰਟੀ ਦੀ ਸ਼ਮੂਲੀਅਤ ਨਹੀਂ ਹੈ। ਦਾਸ ਨੇ ਕਿਹਾ, ‘‘ਇਨ੍ਹਾਂ ਦੀ ਅਗਵਾਈ ਵਿਦਿਆਰਥੀਆਂ ਅਤੇ ਆਮ ਲੋਕਾਂ ਵਲੋਂ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਨੌਜਵਾਨਾਂ ਨੇ ਉਮੀਦ ਜਗਾਈ ਹੈ। ਹਰ ਦੂਜੀ ਥਾਂ ਹੁਣ ਸ਼ਾਹੀਨ ਬਾਗ ਬਣ ਰਹੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਨਸਾਨ ਹੋਣ ਦੇ ਨਾਤੇ, ਸਾਨੂੰ ਅਜਿਹੇ ਕਾਨੂੰਨਾਂ ਵਿਰੁਧ ਬੋਲਣਾ ਚਾਹੀਦਾ ਹੈ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਥਿਕ ਮੰਦੀ, ਵਧ ਰਹੀ ਬੇਰੁਜ਼ਗਾਰੀ ਦਰ, ਅਤੇ ਹੁਣ ਸੀਏਏ ਤੇ ਐੱਨਆਰਸੀ ਕਾਰਨ ਪੂੁਰੇ ਵਿਸ਼ਵ ਵਿੱਚ ਦੇਸ਼ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ‘‘ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੰਡਿਆ ਜਾ ਰਿਹਾ ਹੈ।’’ ਦਾਸ ਨੇ ਕਿਹਾ, ‘‘ਅਸੀਂ ਇਸ ਤਰ੍ਹਾਂ ਦੀ ਬੇਰੁਜ਼ਗਾਰੀ ਪਿਛਲੇ ਕਰੀਬ 50 ਸਾਲਾਂ ਵਿੱਚ ਨਹੀਂ ਦੇਖੀ। ਆਰਥਿਕਤਾ ਡਿੱਗ ਰਹੀ ਹੈ। ਜੋ ਕੁਝ ਵਾਪਰ ਰਿਹਾ ਹੈ, ਉਸ ਬਾਰੇ ਕੌਮਾਂਤਰੀ ਅਖਬਾਰ ਲਿਖ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਅਸੀਂ ਧਰਮ ਦੇ ਆਧਾਰ ’ਤੇ ਵੰਡੇ ਜਾ ਰਹੇ ਹਾਂ।’’ ਦਾਸ ਨੇ ਇਹ ਵੀ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਫਿਲਮ ਜਗਤ ਦੀਆਂ ਹਸਤੀਆਂ ਵੀ ਸੀਏਏ ਅਤੇ ਐੱਨਆਰਸੀ ਵਿਰੁੱਧ ਬੋਲ ਰਹੀਆਂ ਹਨ।