ਪਰਮ ਸਕੂਲ ਜਾਣ ਦੇ ਨਾਂ ’ਤੇ ਬਹੁਤ ਖਿਝਦਾ ਸੀ। ਉਸ ਨੂੰ ਸਕੂਲ ਜਾਣਾ ਪਸੰਦ ਨਹੀਂ ਸੀ। ਪਰਮ ਦੇ ਘਰ ਵਿੱਚ ਇੱਕ ਮਾਲੀ ਅੰਕਲ ਰੋਜ਼ ਸਵੇਰੇ ਕਿਆਰੀਆਂ ਵਿੱਚ ਲੱਗੇ ਬੂਟਿਆਂ ਦੀ ਸਾਂਭ-ਸੰਭਾਲ ਕਰਨ ਲਈ ਆਉਂਦੇ ਸਨ। ਉਨ੍ਹਾਂ ਨਾਲ ਉਨ੍ਹਾਂ ਦਾ ਪੁੱਤਰ ਰਾਜੂ ਵੀ ਹੁੰਦਾ ਸੀ।

ਰਾਜੂ ਜਦੋਂ ਪਰਮ ਨੂੰ ਸਕੂਲ ਦੀ ਵਰਦੀ, ਸੋਹਣਾ ਜਿਹਾ ਸਕੂਲ ਬੈਗ ਮੋਢਿਆਂ ’ਤੇ ਪਾਈਂ ਅਤੇ ਹੱਥ ਵਿੱਚ ਪਾਣੀ ਦੀ ਬੋਤਲ ਵੇਖਦਾ ਤਾਂ ਉਹ ਮਨ ਹੀ ਮਨ ਸੋਚਦਾ ਕਿ ਕਾਸ਼ ! ਮੈਂ ਵੀ ਸਕੂਲੇ ਜਾਦਾਂ। ਉਹ ਵੇਖਦਾ ਕਿ ਪਰਮ ਦੇ ਮੰਮੀ ਬ੍ਰੇਕਫਾਸਟ ਲਈ ਉਹਦੇ ਅੱਗੇ-ਪਿੱਛੇ ਘੁੰਮਦੇ ਰਹਿੰਦੇ ਹਨ, ਪਰ ਪਰਮ ਅਕਸਰ ਮੂੰਹ ਫੈਲਾਈ ਰੱਖਦਾ ਹੈ।

ਉੱਧਰ ਪਰਮ ਹਮੇਸ਼ਾਂ ਰਾਜੂ ਨੂੰ ਆਪਣੇ ਪਾਪਾ ਕੋਲ ਖੜ੍ਹਿਆਂ ਵੇਖਦਾ ਤਾਂ ਸੋਚਦਾ ਕਿ ਰਾਜੂ ਨੂੰ ਤਾਂ ਮੌਜਾਂ ਹੀ ਮੌਜਾਂ ਨੇ… ਸਾਰਾ ਦਿਨ ਇੱਧਰ-ਉੱਧਰ ਘੁੰਮਦਾ, ਨਾ ਕੋਈ ਪੜ੍ਹਾਈ ਦੀ ਫ਼ਿਕਰ ਨਾ ਕਿਸੇ ਹੋਮਵਰਕ ਦੀ ਚਿੰਤਾ।

ਇੱਕ ਦਿਨ ਪਰਮ ਨੂੰ ਸਕੂਲ ਤੋਂ ਛੁੱਟੀ ਸੀ। ਰਾਜੂ ਆਪਣੇ ਪਾਪਾ ਨਾਲ ਕਿਆਰੀਆਂ ਵਿੱਚ ਕੰਮ ਕਰ ਰਿਹਾ ਸੀ। ਪਰਮ, ਰਾਜੂ ਕੋਲ ਆ ਖੜ੍ਹਿਆ ਤੇ ਰਾਜੂ ਨੂੰ ਆਖਣ ਲੱਗਿਆ, ‘‘ਤੈਨੂੰ ਕਿੰਨੀਆਂ ਮੌਜਾਂ! ਸਾਰਾ ਦਿਨ ਤੇਰਾ ਕਿੰਨਾ ਵਧੀਆ ਨਿਕਲਦਾ! ਨਾ ਪੜ੍ਹਾਈ ਦਾ ਫ਼ਿਕਰ ਨਾ ਕੋਈ ਹੋਮਵਰਕ।’’ ਪਰਮ ਦੀਆਂ ਗੱਲਾਂ ਸੁਣ ਕੇ ਰਾਜੂ ਕਹਿਣ ਲੱਗਿਆ, ‘‘ਮੌਜਾਂ ਤੈਨੂੰ ਐਂ …ਕਿੰਨੀ ਵਧੀਆ ਵਰਦੀ ਪਾ ਕੇ ਸਕੂਲ ਜਾਂਦਾ। ਤੇਰਾ ਸਕੂਲ ਬਸਤਾ ਕਿੰਨਾ ਸੋਹਣਾ! ਤੇਰੇ ਮੰਮੀ-ਪਾਪਾ ਤੇ ਸਾਰੇ ਘਰ ਦੇ ਜੀਅ ਤੇਰੇ ਅੱਗੇ-ਪਿੱਛੇ ਘੁੰਮਦੇ ਤੈਨੂੰ ਸਕੂਲ ਭੇਜਣ ਲਈ …ਮੇਰਾ ਬਹੁਤ ਜੀਅ ਕਰਦਾ ਕਿ ਮੈਂ ਵੀ ਸਕੂਲੇ ਜਾਵਾਂ… ਪਰ ਮੇਰੇ ਪਾਪਾ ਮੈਨੂੰ ਸਕੂਲ ਨਹੀਂ ਭੇਜ ਸਕਦੇ ਕਿਉਂਕਿ ਸਾਡੇ ਘਰ ਤਾਂ ਰੋਟੀ ਵੀ ਮਸਾਂ ਹੀ ਪੱਕਦੀ… ਕਾਸ਼ ! ਮੈਂ ਵੀ ਕਦੇ ਸਕੂਲ ਜਾ ਸਕਦਾ।’’

ਰਾਜੂ ਅਤੇ ਪਰਮ ਦੀਆਂ ਗੱਲਾਂ ਪਰਮ ਦੇ ਦਾਦਾ ਜੀ ਸੁਣ ਰਹੇ ਸਨ। ਅਗਲੇ ਦਿਨ ਸਵੇਰੇ ਉਹ ਪਰਮ ਨੂੰ ਕਹਿਣ ਲੱਗੇ, ‘‘ਪੁੱਤ ! ਅੱਜ ਤੂੰ ਸਕੂਲ ਤੋਂ ਛੁੱਟੀ ਕਰ ਲੈ… ਤੈਨੂੰ ਸਕੂਲ ਜਾਣਾ ਚੰਗਾ ਨਹੀਂ ਲੱਗਦਾ …ਤੂੰ ਸਕੂਲ ਨਾ ਜਾਇਆ ਕਰ।’’

ਪਰਮ, ਦਾਦਾ ਜੀ ਦੀ ਗੱਲ ਸੁਣ ਕੇ ਬਿਸਤਰੇ ਵਿੱਚੋਂ ਕੁੱਦਿਆ ਤੇ ਖ਼ੁਸ਼ੀ ਨਾਲ ਬੋਲਿਆ, ‘‘ਸੱਚੀ! ਦਾਦਾ ਜੀ! ਪਰ ਮੰਮੀ-ਪਾਪਾ ਨੇ ਕਿੱਥੇ ਮੰਨਣਾ ?’’ ਦਾਦਾ ਜੀ ਕਹਿਣ ਲੱਗੇ, ‘‘ਤੂੰ ਆਪਣੇ ਮੰਮੀ-ਪਾਪਾ ਦੀ ਫ਼ਿਕਰ ਨਾ ਕਰ। ਉਨ੍ਹਾਂ ਨੇ ਕੁਝ ਨਹੀਂ ਕਹਿਣਾ।’’

ਪਰਮ ਖੁਸ਼ੀ ਨਾਲ ਇੱਧਰ-ਉੱਧਰ ਟਹਿਲਣ ਲੱਗਿਆ। ਐਨੇ ਨੂੰ ਮਾਲੀ ਅੰਕਲ ਤੇ ਰਾਜੂ ਵੀ ਆ ਗਏ। ਦਾਦਾ ਜੀ ਪਰਮ ਨੂੰ ਨਾਲ ਲੈ ਕੇ ਕਿਆਰੀਆਂ ਵੱਲ ਤੁਰ ਪਏ। ਉਨ੍ਹਾਂ ਮਾਲੀ ਅੰਕਲ ਨੂੰ ਕਿਹਾ, ‘‘ਪਰਮ ਨੂੰ ਵੀ ਆਪਣੇ ਨਾਲ ਕੰਮ ’ਤੇ ਲਾ ਲਓ।’’

ਦਾਦਾ ਜੀ ਦੀ ਗੱਲ ਸੁਣ ਪਰਮ ਹੈਰਾਨ ਰਹਿ ਗਿਆ। ਮਾਲੀ ਅੰਕਲ ਨੇ ਵੀ ਹੈਰਾਨੀ ਨਾਲ ਪੁੱਛਿਆ, ‘‘ਜੀ ! ਬਾਬੂ ਜੀ ! ਇਹ ਤੁਸੀਂ ਕੀ ਕਹਿ ਰਹੇ ਹੋ ?’’

ਦਾਦਾ ਜੀ, ‘‘ਹਾਂ! ਭਾਈ ! ਮੈਂ ਠੀਕ ਕਹਿ ਰਿਹਾ ਹਾਂ। ਇਹਨੂੰ ਘਰ ਰਹਿਣਾ ਪਸੰਦ ਹੈ। ਸਕੂਲ ਜਾਣਾ ਚੰਗਾ ਨਹੀਂ ਲੱਗਦਾ। ਇਹ ਰਾਜੂ ਵਰਗਾ ਬਣਨਾ ਚਾਹੁੰਦਾ ਹੈ। ਇਸ ਕੋਲੋਂ ਰਾਜੂ ਵਾਂਗ ਕੰਮ ਕਰਵਾਓ।’’

ਮਾਲੀ ਅੰਕਲ, ਦਾਦਾ ਜੀ ਦੀ ਗੱਲ ਸੁਣ ਕੇ ਪਰਮ ਨੂੰ ਕਹਿਣ ਲੱਗੇ, ‘‘ਆ! ਪੁੱਤਰਾ! ਚੁੱਕ ਖੁਰਪਾ।’’

ਪਰਮ, ‘‘ਨਹੀਂ, ਦਾਦਾ ਜੀ! ਦੇਖੋ ਮੇਰੇ ਕੱਪੜੇ ਖ਼ਰਾਬ ਹੋ ਜਾਣੇ ਨੇ। ਮੇਰੇ ਹੱਥਾਂ ਨੂੰ ਮਿੱਟੀ ਲੱਗ ਜਾਣੀ… ਮੈਥੋਂ ਨ੍ਹੀਂ ਹੁੰਦਾ।’’

ਦਾਦਾ ਜੀ ਆਖਣ ਲੱਗੇ, ‘‘ਨਹੀਂ, ਪੁੱਤਰਾ! ਚੱਲ ਕੰਮ ਕਰ।’’

ਵਿਚਾਰਾ ਪਰਮ ਥੋੜ੍ਹੀ ਦੇਰ ਵਿੱਚ ਹੀ ਥੱਕ ਗਿਆ ਅਤੇ ਦਾਦਾ ਜੀ ਨੂੰ ਕਹਿਣ ਲੱਗਿਆ, ‘‘ਦਾਦਾ ਜੀ! ਮੈਨੂੰ ਭੁੱਖ ਲੱਗੀ ਐ।’’

ਦਾਦਾ ਜੀ ਰਾਜੂ ਵੱਲ ਵੇਖਦੇ ਹੋਏ ਪੁੱਛਣ ਲੱਗੇ, ‘‘ਰਾਜੂ! ਪੁੱਤ! ਤੂੰ ਕਿੰਨੇ ਵਜੇ ਰੋਟੀ ਖਾਂਦਾ?’’

ਰਾਜੂ ਕਹਿਣ ਲੱਗਾ, ‘‘ਦਾਦਾ ਜੀ! ਇਸ ਤੋਂ ਬਾਅਦ ਅਸੀਂ ਦੋ ਘਰ ਹੋਰ ਜਾਣਾ। ਗਿਆਰਾਂ ਕੁ ਵਜੇ ਵਿਹਲੇ ਹੋ ਕੇ, ਘਰ ਜਾ ਕੇ ਰੋਟੀ ਖਾਵਾਂਗੇ।’’

ਮੁੜ ਦਾਦਾ ਜੀ ਪੁੱਛਣ ਲੱਗੇ, ‘‘ਪੁੱਤ ! ਫੇਰ ਦੁਪਹਿਰ ਦੀ ਰੋਟੀ?’’

ਰਾਜੂ ਕਹਿਣ ਲੱਗਾ, ‘‘ਦਾਦਾ ਜੀ! ਚਾਰ ਕੁ ਵਜੇ ਚਾਹ ਨਾਲ ਕੁਝ ਖਾਣ ਨੂੰ ਮਿਲਦਾ ਤਾਂ ਖਾ ਲਈਦਾ… ਨਹੀਂ ਤਾਂ ਰਾਤ ਨੂੰ ਹੀ ਰੋਟੀ ਖਾਈਦੀ।’’

ਦਾਦਾ ਜੀ ਅਤੇ ਰਾਜੂ ਦੀਆਂ ਗੱਲਾਂ ਪਰਮ ਬਹੁਤ ਧਿਆਨ ਨਾਲ ਸੁਣ ਰਿਹਾ ਸੀ। ਜਦੋਂ ਰਾਜੂ ਤੇ ਉਸ ਦੇ ਪਾਪਾ ਚਲੇ ਗਏ, ਪਰਮ ਆਪਣੇ ਮੰਮੀ ਜੀ ਕੋਲ ਜਾ ਕੇ ਮੂੰਹ ਜਿਹਾ ਬਣਾ ਕੇ ਆਖਣ ਲੱਗਾ, ‘‘ਮੰਮੀ! ਬਹੁਤ ਭੁੱਖ ਲੱਗੀ ਹੈ, ਕੁਝ ਖਾਣ ਨੂੰ ਦਿਓ।’’

ਦਾਦਾ ਜੀ ਕਹਿਣ ਲੱਗੇ, ‘‘11 ਤਾਂ ਵੱਜ ਲੈਣ ਦੇ …11 ਵਜੇ ਤੋਂ ਪਹਿਲਾਂ ਕੁਝ ਨਹੀਂ ਮਿਲਣਾ।’’

ਪਰਮ ਰੋਣਹਾਕਾ ਹੋ ਗਿਆ। ਪਰਮ ਨੂੰ ਵੇਖ ਕੇ ਉਸ ਦੇ ਮੰਮੀ ਉਸ ਲਈ ਰੋਟੀ-ਸਬਜ਼ੀ ਇੱਕ ਥਾਲੀ ਵਿੱਚ ਰੱਖ ਕੇ ਲੈ ਆਏ। ਪਰਮ ਰੋਟੀ-ਸਬਜ਼ੀ ਦੇਖ ਕੇ ਕਹਿਣ ਲੱਗਾ, ‘‘ਮੈਂ ਨਈ ਖਾਣੀ ਰੋਟੀ …ਮੈਂ ਤਾਂ ਅੱਜ ਆਮਲੇਟ ਤੇ ਪਰੌਂਠਾ ਖਾਣਾ।’’

ਦਾਦਾ ਜੀ ਕਹਿਣ ਲੱਗੇ, ‘‘ਨਾ ਪੁੱਤ! ਸਾਦੀ ਰੋਟੀ ਖਾ …ਰਾਜੂ ਵੀ ਇਹੋ-ਜਿਹੀ ਰੋਟੀ ਹੀ ਖਾਂਦਾ।’’

ਦਾਦਾ ਜੀ ਦੀ ਗੱਲ ਸੁਣ ਪਰਮ ਚੁੱਪ ਹੋ ਗਿਆ। ਨਾਸ਼ਤਾ ਕਰਨ ਤੋਂ ਬਾਅਦ ਦਾਦਾ ਜੀ ਨੇ ਫੇਰ ਪਰਮ ਨੂੰ ਕਿਆਰੀਆਂ ਵਿੱਚ ਆਪਣੇ ਨਾਲ ਕੰਮ ’ਤੇ ਲਾ ਲਿਆ। ਪਰਮ ਬਾਰਾਂ ਕੁ ਵਜੇ ਆਪਣੇ ਮੰਮੀ ਨੂੰ ਮੁੜ ਆਖਣ ਲੱਗਿਆ, ‘‘ਮੰਮੀ! ਭੁੱਖ ਲੱਗੀ ਹੈ, ਤੁਸੀਂ ਲੰਚ ਵਿੱਚ ਰਾਜਮਾਹ, ਚਾਵਲ ਬਣਾ ਲਓ।’’

ਪਰਮ ਦੀ ਗੱਲ ਸੁਣ ਦਾਦਾ ਜੀ ਕਹਿਣ ਲੱਗੇ, ‘‘ਪੁੱਤਰ ! ਅੱਜ ਤੈਨੂੰ ਕੋਈ ਲੰਚ-ਵੰਚ ਨਹੀਂ ਮਿਲਣਾ… ਚਾਰ ਕੁ ਵਜੇ ਕੁਝ ਖਾਣ ਨੂੰ ਮਿਲੇਗਾ।’’

ਦਾਦਾ ਜੀ ਦੀ ਗੱਲ ਸੁਣ ਪਰਮ ਹੈਰਾਨ ਰਹਿ ਗਿਆ ਤੇ ਆਖਣ ਲੱਗਿਆ,‘‘ਕਿਉਂ ਦਾਦਾ ਜੀ ?’’

ਦਾਦਾ ਜੀ ਕਹਿਣ ਲੱਗੇ, ‘‘ਰਾਜੂ ਵੀ ਤਾਂ ਚਾਰ ਵਜੇ ਹੀ ਕੁਝ ਖਾਂਦਾ।’’

ਦਾਦਾ ਜੀ ਦੀ ਗੱਲ ਸੁਣ ਪਰਮ ਖਿਝ ਗਿਆ ਤੇ ਆਖਣ ਲੱਗਿਆ,‘‘ਕੀ ਤੁਸੀਂ ਰਾਜੂ-ਰਾਜੂ ਲਾਈ ? ਰਾਜੂ ਆਹ ਖਾਂਦਾ, ਰਾਜੂ ਓਹ ਖਾਂਦਾ, ਰਾਜੂ ਐਨੇ ਵਜੇ ਖਾਂਦਾ, ਰਾਜੂ ਓਨੇ ਵਜੇ ਖਾਂਦਾ।’’

ਪਰਮ ਦੀ ਗੱਲ ਸੁਣ ਦਾਦਾ ਜੀ ਕਹਿਣ ਲੱਗੇ, ‘‘ਪੁੱਤਰਾ! ਤੂੰ ਹੀ ਤਾਂ ਕਹਿੰਦਾ ਕਿ ਰਾਜੂ ਦੀ ਜ਼ਿੰਦਗੀ ਕਿੰਨੀ ਸੌਖੀ ਹੈ… ਹੁਣ ਪਤਾ ਲੱਗਿਆ ਕਿ ਕਿਹਦੀ ਜ਼ਿੰਦਗੀ ਸੌਖੀ ਤੇ ਕਿਹਦੀ ਔਖੀ ?’’

ਦਾਦਾ ਜੀ ਦੀ ਗੱਲ ਸੁਣ ਪਰਮ ਨੂੰ ਅਹਿਸਾਸ ਹੋਇਆ ਕਿ ਸੱਚਮੁਚ ਰਾਜੂ ਦੀ ਜ਼ਿੰਦਗੀ ਤਾਂ ਬਹੁਤ ਔਖੀ ਹੈ। ਮੌਜਾਂ ਰਾਜੂ ਨੂੰ ਨਹੀਂ… ਮੈਨੂੰ ਨੇ … ਮੈਨੂੰ ਕਦੇ ਕੁਝ ਖਾਣ ਨੂੰ ਮਿਲਦਾ ਤੇ ਕਦੇ ਕੁਝ। ਮੇਰੀ ਹਰ ਖਾਹਿਸ਼ ਪੂਰੀ ਹੁੰਦੀ ਤੇ ਰਾਜੂ ਵਿਚਾਰਾ!’’

ਪਰਮ ਨੇ ਦਾਦਾ ਜੀ ਨੂੰ ਜੱਫੀ ਪਾ ਲਈ ਤੇ ਆਖਣ ਲੱਗਿਆ, ‘‘ਦਾਦਾ ਜੀ? ਅੱਜ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਬਹੁਤ ਖੁਸ਼ਨਸੀਬ ਹਾਂ, ਉਂਜ ਹੀ ਦੁਖੀ ਹੋਇਆ ਰਹਿੰਦਾ ਸਾਂ, ਪਰ ਹੁਣ ਮੈਂ ਬਹੁਤ ਖ਼ੁਸ਼ ਹਾਂ। ਚਾਈਂ-ਚਾਈਂ ਸਕੂਲ ਜਾਇਆ ਕਰਾਂਗਾ।’’

ਦਾਦਾ ਜੀ ਪਰਮ ਦੀ ਗੱਲ ਸੁਣ ਕੇ ਹੱਸ ਪਏ। ਅਗਲੇ ਦਿਨ ਉਨ੍ਹਾਂ ਨੇ ਰਾਜੂ ਨੂੰ ਵੀ ਨੇੜਲੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਹੁਣ ਰਾਜੂ ਵੀ ਬਹੁਤ ਖੁਸ਼ ਸੀ ਅਤੇ ਦਾਦਾ ਜੀ ਨੇ ਰਾਜੂ ਦੀ ਸਾਰੀ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਫ਼ੈਸਲਾ ਕੀਤਾ।

ਮਨਦੀਪ ਰਿੰਪੀ