ਬਠਿੰਡਾ, ਹੁਣ ਸਤਲੁਜ-ਬਿਆਸ ਦਾ ਪਾਣੀ ਪਾਕਿਸਤਾਨ ਨਹੀਂ ਜਾ ਸਕੇਗਾ। ਇਨ੍ਹਾਂ ਦਰਿਆਵਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਲਈ ਕੇਂਦਰੀ ਪ੍ਰਾਜੈਕਟ ਸ਼ੁਰੂ ਹੋਣ ਵਾਲਾ ਹੈ। ਕੇਂਦਰ ਸਰਕਾਰ ਨੇ ਦਰਿਆਵਾਂ ਦੇ ਪਾਣੀ ਨੂੰ ਬੰਨ੍ਹ ਮਾਰਨ ਲਈ ਕੇਂਦਰੀ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਤਹਿਤ ਹੁਸੈਨੀਵਾਲਾ ਹੈੱਡਵਰਕਸ ਦੇ ਗੇਟਾਂ ਦੀ ਮੁਰੰਮਤ ਕੀਤੀ ਜਾਣੀ ਹੈ। ਨਹਿਰੀ ਮਹਿਕਮਾ ਪੰਜਾਬ ਨੇ ਇਨ੍ਹਾਂ ਗੇਟਾਂ ਦੀ ਮੁਰੰਮਤ ਲਈ ਐਸਟੀਮੇਟ ਤਿਆਰ ਕਰਾ ਲਏ ਹਨ। ਸੂਤਰ ਦੱਸਦੇ ਹਨ ਕਿ ਨਬਾਰਡ ਤੋਂ ਇਨ੍ਹਾਂ ਲਈ ਫ਼ੰਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ 2016 ਨੂੰ ਆਪਣੀ ਬਠਿੰਡਾ ਫੇਰੀ ਮੌਕੇ ਐਲਾਨ ਕੀਤਾ ਸੀ ਕਿ ਦਰਿਆਵਾਂ ਦਾ ਪਾਣੀ ਪਾਕਿਸਤਾਨ ਨਹੀਂ ਜਾਣ ਦਿਆਂਗੇ।  ਪਾਕਿਸਤਾਨ ਦੇ ਕਸੂਰ ਖ਼ਿੱਤੇ ਦੇ ਕਿਸਾਨਾਂ ਵੱਲੋਂ ਸਤਲੁਜ-ਬਿਆਸ ਦੇ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਂਦਾ ਹੈ। ਸਤਲੁਜ ਤੇ ਬਿਆਸ ਦਰਿਆ ਦੇ ਪਾਣੀ ਨੂੰ ਪਹਿਲਾਂ ਹਰੀਕੇ ਹੈੱਡਵਰਕਸ ’ਤੇ ਰੋਕਿਆ ਜਾਂਦਾ ਹੈ। ਉਸ ਮਗਰੋਂ ਹੇਠਲੇ ਪਾਸੇ ਹੁਸੈਨੀਵਾਲਾ ਹੈੱਡਵਰਕਸ ਹਨ। ਵੇਰਵਿਆਂ ਅਨੁਸਾਰ ਹੁਸੈਨੀਵਾਲਾ ਹੈੱਡਵਰਕਸ ’ਤੇ 29 ਗੇਟ ਹਨ ਜਿਨ੍ਹਾਂ ਦੀ ਹਾਲਤ ਕਾਫ਼ੀ ਮੰਦੀ ਹੈ। ਕਈ ਗੇਟ ਬੁਰੀ ਤਰ੍ਹਾਂ ਗਲ ਚੁੱਕੇ ਹਨ। ਪਾਣੀ ਦੀ ਲੀਕੇਜ ਕਾਫ਼ੀ ਵਧ ਰਹੀ ਹੈ। ਬਾਰਸ਼ਾਂ ਦੇ ਦਿਨਾਂ ਵਿੱਚ ਤਾਂ ਹੁਸੈਨੀਵਾਲਾ ਹੈੱਡਵਰਕਸ ਤੋਂ ਵਾਧੂ ਪਾਣੀ ਰਿਲੀਜ਼ ਵੀ ਕੀਤਾ ਜਾਂਦਾ ਹੈ। ਹੁਣ ਜੀਰੀ ਦੇ ਸੀਜ਼ਨ ’ਚ ਪਾਣੀ ਦੀ ਮੰਗ ਬਹੁਤ ਵਧ ਜਾਂਦੀ ਹੈ ਪ੍ਰੰਤੂ ਗੇਟ ਮਾੜੇ ਹੋਣ ਕਾਰਨ ਲੀਕ ਹੋ ਕੇ ਪਾਕਿਸਤਾਨ ਨੂੰ ਸਵਾ ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਚਲਾ ਜਾਂਦਾ ਹੈ।   ਅਬੋਹਰ ਫ਼ਾਜ਼ਿਲਕਾ ਖ਼ਿੱਤੇ ‘ਚ ਕਰੀਬ 140 ਟੇਲਾਂ ਬਣਦੀਆਂ ਹਨ ਜਿੱਥੇ ਪਾਣੀ ਦੀ ਹਮੇਸ਼ਾ ਕਿੱਲਤ ਰਹਿੰਦੀ ਹੈ।