ਪਟਿਆਲਾ : ਭਗਵੰਤ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਨੇ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਪੁਲੀਸ ਵਿਚ ਟਰਾਂਸਜੈਂਡਰ ਲਈ ਵੀ ਭਰਤੀ ਖੋਲ੍ਹ ਦਿੱਤੀ ਹੈ। ਭਵਿੱਖ ’ਚ ਪੰਜਾਬ ਪੁਲੀਸ ’ਚ ਭਰੀਆਂ ਜਾਣ ਵਾਲ਼ੀਆਂ ਅਸਾਮੀਆਂ ਲਈ ਟਰਾਂਸਜੈਂਡਰ ਵੀ ਅਪਲਾਈ ਕਰ ਸਕਣਗੇ। ਇਸ ਦੌਰਾਨ ਵਿੱਦਿਅਕ ਯੋਗਤਾ ਤਾਂ ਸਾਰੇ ਵਰਗਾਂ ਲਈ ਬਰਾਬਰ ਹੋਵੇਗੀ। ਭਾਵ ਕਿ ਜੋ ਵਿੱਦਿਅਕ ਯੋਗਤਾ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਲਈ ਨਿਰਧਾਰਤ ਹੋਵੇਗੀ, ਉਹੀ ਟਰਾਂਸਜੈਂਡਰਾਂ ‘ਤੇ ਵੀ ਲਾਗੂ ਹੋਵੇਗੀ ਜਦਕਿ ਟਰਾਂਸਜੈਂਡਰਾਂ ਦੀ ਫਿਜ਼ੀਕਲ ਮਈਅਰਮੈਂਟ ਅਤੇ ਫਿਜ਼ੀਕਲ ਸਕਰੀਨਿੰਗ ਸਬੰਧੀ ਟੈਸਟ ਮਹਿਲਾ ਉਮੀਦਵਾਰਾਂ ਦੀ ਤਰਜ਼ ’ਤੇ ਹੋਣਗੇ। ਇਨ੍ਹਾਂ ਨੂੰ ਜਾਤੀ ਸਬੰਧੀ ਰਾਖਵਾਂਕਰਨ ਵੀ ਮਿਲੇਗਾ, ਜੋ ਇਨ੍ਹਾਂ ਦੇ ਜਨਮਦਾਤਾ ਪਰਿਵਾਰ ਦੀ ਜਾਤੀ ’ਤੇ ਆਧਾਰਿਤ ਹੋਵੇਗਾ। ਉਂਜ ਹੈਡੀਕੈਪਡ ਤੇ ਹੋਰ ਵਰਗਾਂ ਦੀ ਤਰਾਂ ਹੀ ਟਰਾਂਸਜੈਂਡਰਾਂ ਦਾ ਵੀ ਕੋਟਾ ਤੈਅ ਹੋਵੇਗਾ। ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਹਾਲ ਹੀ ’ਚ ਸਟੈਂਡਿੰਗ ਆਰਡਰ ਜਾਰੀ ਕੀਤੇ ਗਏ ਹਨ।