ਨਾਨਕਿਆਂ ਦੇ ਘਰ ਦੀਆਂ ਮੌਜਾਂ ਕੀਹਨੂੰ ਚੰਗੀਆਂ ਨਹੀਂ ਲੱਗਦੀਆਂ। ਮੈਂ ਕਹਿੰਦੀ ਹੁੰਦੀ ਸੀ ‘‘ਭੁੱਲ ਜਾਵੇ ਕਿਹੜਾ, ਨਾਨੀ ਦਾ ਵਿਹੜਾ।’’ ਭਾਵੇਂ ਭੁੱਲਣਾ ਤਾਂ ਕਦੇ ਨਹੀਂ, ਪਰ ਉਸ ਵਿਹੜੇ ਜਾਣਾ ਦਾ ਵੇਲਾ ਹੁਣ ਸਮੇਂ ਨੇ ਖੋਹ ਲਿਆ।
ਉਹ ਵਿਹੜਾ ਜਿੱਥੇ ਬਚਪਨ ਗੁਜ਼ਾਰਿਆ, ਮਾਮਿਆਂ ਦੇ ਧੀਆਂ ਪੁੱਤਾਂ ਨਾਲ ਖੇਡਾਂ ਖੇਡੀਆਂ, ਵੱਡਿਆਂ ਨੇ ਲਾਡ ਲਡਾਏ ਤੇ ਪ੍ਰਾਹੁਣੇ ਬਣ ਕੇ ਸੇਵਾ ਕਰਾਉਣ ਦਾ ਮਾਣ ਹੰਢਾਇਆ, ਹੁਣ ਉੱਥੋਂ ਦੀਆਂ ਰੌਣਕਾਂ ਉਜਾੜਾਂ ਵਿੱਚ ਬਦਲ ਗਈਆਂ ਹਨ।
ਤਿੰਨ ਵੱਸਦੇ ਘਰ ਭਾਵੇਂ ਰੂਪ ਬਦਲ ਕੇ ਸ਼ਹਿਰਾਂ ਦੀਆਂ ਲਿਸ਼ਕਵੀਆਂ ਕੋਠੀਆਂ ਵਿੱਚ ਰੰਗੀਂ ਵੱਸ ਰਹੇ ਹਨ ਤੇ ਇਹ ਬਦਲਾਅ ਖ਼ੂਬਸੂਰਤ ਹੈ। ਸਮੇਂ ਦੀ ਬਦਲਵੀਂ ਚਾਲ, ਨਵੀਂ ਪੀੜ੍ਹੀ ਦਾ ਹਾਣ, ਕੰਮਾਂ ਕਾਰਾਂ ਦੀ ਤਰੱਕੀ, ਸਮੇਂ ਦੇ ਹਾਣ ਦੀ ਸੋਚ ਲੈ ਕੇ ਅੱਗੇ ਵਧ ਰਹੇ ਹਨ।
ਪਰ ਉਹ ਤਿੰਨ ਘਰ ਆਪਣੇ ਜੀਆਂ ਦੀ ਅਣਹੋਂਦ ਕਾਰਨ ਇਕੱਲੇ ਖੜ੍ਹੇ ਖੜ੍ਹੇ, ਇੱਟ ਇੱਟ ਕਿਰਦੇ ਆਪਣੀ ਅਸਲੀ ਹੋਂਦ ਮਿੱਟੀ ਵਿੱਚ ਸਮਾਉਂਦੇ ਜਾ ਰਹੇ ਹਨ।
ਪਹਿਲਾ ਘਰ ਸਭ ਤੋਂ ਪਹਿਲਾਂ ਇੱਟ ਇੱਟ ਡਿੱਗਿਆ ਤੇ ਮੈਂ ਜਦੋਂ ਵੀ ਜਾਣਾ, ਮੇਰੀ ਓਧਰ ਵੇਖਣ ਦੀ ਹਿੰਮਤ ਨਾ ਹੋਣੀ। ਚੋਰੀ ਵੇਖਦਿਆਂ ਅੱਖਾਂ ਅੱਗੇ ਉਹ ਪੁਰਾਣੀ ਝਾਕੀ ਆ ਜਾਣੀ, ਖੇਡਦੇ ਬੱਚੇ, ਜਿਨ੍ਹਾਂ ਵਿੱਚ ਮੈਂ ਵੀ ਹੁੰਦੀ, ਕਿਤਿਉਂ ਮਾਮੀ ਦੀ ਅਵਾਜ਼ ਸੁਣਨੀ, ਜੀਆਂ ਦੇ ਅਸਲ ’ਚ ਤੁਰੇ ਫਿਰਦਿਆਂ, ਪਸ਼ੂ, ਪਾਣੀ, ਰੁੱਖ, ਮੰਜੇ, ਵਾਹੀ ਦੇ ਸੰਦ… ਹਰ ਚੀਜ਼ ਤਸਵੀਰ ਵਾਂਗੂੰ ਅੱਖਾਂ ਅੱਗਿਓਂ ਨਿਕਲ ਜਾਣੀ।
ਉਹ ਕੱਚਾ ਪਹਿਆ, ਜਿੱਥੇ ਬਚਪਨ ’ਚ ਨੱਠਦੇ ਭੱਜਦੇ ਸੀ, ਉੱਥੇ ਮਿੱਟੀ ਨਹੀਂ ਸੀ, ਘਾਹ ਉੱਗਿਆ ਸੀ। ਪੈਰਾਂ ਦੀ ਛੋਹ ਤੋਂ ਬਗੈਰ ਘਾਹ ਨੂੰ ਵਧਣ ਫੁੱਲਣ ਦਾ ਮੌਕਾ ਮਿਲ ਗਿਆ।
ਦੁਖ ਸੁਖ ਨੂੰ ਜਾਂਦਿਆਂ ਹਾਲੇ ਦੋ ਘਰ ਵੱਸਦੇ ਬਾਕੀ ਸੀ। ਸਮਾਂ ਪਾ ਕੇ ਉਨ੍ਹਾਂ ਵਿਚੋਂ ਇਕ ਖਾਲੀ ਹੋ ਗਿਆ। ਤੇ ਹੁਣ ਪਹਿਲੇ ਦੇ ਨਾਲ ਦੂਜੇ ਦਾ ਗੇਟ ਵੀ ਬੰਦ ਮਿਲਦਾ। ਉਸ ਵਿਹੜੇ ਸਾਲਾਂ ਦੇ ਖੜ੍ਹੇ ਨਿੰਮਾਂ ਦੇ ਰੁੱਖਾਂ ’ਤੇ ਬਿਜੜਿਆਂ ਦੇ ਆਲ੍ਹਣੇ ਵੀ ਜੀਆਂ ਦੀ ਘਾਟ ਮਹਿਸੂਸ ਕਰਦੇ ਜਾਪਦੇ। ਉਨ੍ਹਾਂ ’ਤੇ ਪਹਿਲਾਂ ਵਾਲਾ ਰੂਪ ਨਹੀਂ ਸੀ। ਚਿੱਟੇ ਕੱਪੜੇ ਪਾ ਕੇ ਮੰਜੇ ’ਤੇ ਬੈਠੇ ਮਾਮਾ ਜੀ ਵੀ ਨਾ ਦਿਸੇ। ਪਰਿਵਾਰ ਦੇ ਨਾਲ ਉਨ੍ਹਾਂ ਨੂੰ ਵੀ ਇਹ ਥਾਂ ਕਿਵੇਂ ਛੱਡਣਾ ਪਿਆ ਹੋਵੇਗਾ, ਮੈਂ ਸਮਝ ਸਕਦੀ ਸਾਂ। ਸੱਚਮੁੱਚ! ਇਹ ਸਿਰਫ਼ ਮੇਰੀ ਨਜ਼ਰ ਦਾ ਭਰਮ ਨਹੀਂ ਸੀ। ਵਿਹੜੇ ’ਚ ਬਣੇ ਪਾਣੀ ਵਾਲੇ ਚੁਬੱਚੇ ਵਿੱਚ ਹਰਿਆਵਲ ਜੰਮ ਗਈ ਸੀ। ਪਸ਼ੂਆਂ ਤੋਂ ਵਿਰਵਾ ਵਿਹੜਾ ਤੇ ਖਾਲੀ ਖੁਰਲੀਆਂ ਕਹਾਣੀ ਜਿਹੀ ਲੱਗਦੀਆਂ।
ਤੇ ਉਹ ਕੱਚੇ ਪਹੇ ਵਾਲਾ ਘਾਹ ਹੋਰ ਵੀ ਵੱਡਾ ਤੇ ਹਰਾ ਹੋ ਗਿਆ।
ਤੀਜਾ ਘਰ ਹਾਲੇ ਵੀ ਜੀਆਂ ਸੰਗ ਰਾਜ਼ੀ ਬਾਜ਼ੀ ਸੀ, ਪਰ ਉਹ ਸਕੂਨ ਨਾ ਮਿਲਦਾ ਜਾ ਕੇ।
ਕਿਸੇ ਵਿਆਹ ’ਤੇ ਬੱਚੇ ਮੇਰੇ ਨਾਲ ਸੀ ਤੇ ਅਸੀਂ ਸ਼ਹਿਰ ਵਾਲੇ ਘਰ ਤੋਂ ਪਿੰਡ ਛੋਟੀ ਮਾਮੀ ਨੂੰ ਮਿਲਣ ਚਲੇ ਗਏ। ਮਾਮੀ ਨਾਲ ਹਾਸਾ ਮਜ਼ਾਕ ਕਰਦਿਆਂ ਬੱਚਿਆਂ ਦਾ ਜੀਅ ਲੱਗ ਗਿਆ ਤੇ ਅਸੀਂ ਉੱਥੇ ਰਹਿ ਪੲੇ।
ਕੋਈ ਦੋ ਸਾਲਾਂ ਬਾਅਦ ਫੇਰ ਜਾਣ ਦਾ ਮੌਕਾ ਮਿਲਿਆ ਤੇ ਬੱਚੇ ਜ਼ਿਦ ਕਰਨ ਲੱਗੇ ਕਿ ਅਸੀਂ ਪਿੰਡ ਵਾਲੀ ਮਾਮੀ ਕੋਲ ਜਾਣਾ, ਉੱਥੇ ਸੂਰਜ ਬਹੁਤ ਸੋਹਣਾ ਚੜ੍ਹਦਾ ਹੈ। ਉੱਥੇ ਜਾਂਦਿਆਂ ਨੂੰ ਜੋ ਬਦਲਾਅ ਮਿਲਿਆ, ਉਹ ਵੇਖ ਬੱਚਿਆਂ ਦੇ ਮਨ ਟੁੱਟ ਗੲੇ। ਵਿਹੜੇ ਵਿੱਚ ਲੰਬੀ ਕੰਧ ਉਸਰੀ ਹੋਈ ਜਿਸ ਨਾਲ ਵਿਹੜਾ ਤੰਗ ਤੰਗ ਲੱਗਾ ਤੇ ਉਹ ਭੀੜਾਪਣ ਮਨਾਂ ਵਿਚਲੇ ਗੁੱਸੇ, ਰਿਸ਼ਤਿਆਂ ਦੀਆਂ ਦੂਰੀਆਂ, ਗ਼ਲਤਫਹਿਮੀਆਂ ਤੇ ਸ਼ਿਕਵੇ ਸ਼ਿਕਾਇਤਾਂ ਦੀ ਗਵਾਹੀ ਭਰਨ ਲੱਗਾ।
ਖ਼ੈਰ… ਦੁਨਿਆਵੀ ਤਾਣੇ-ਬਾਣੇ ਦਾ ਹਿੱਸਾ ਹੁੰਦੀਆਂ ਨੇ ਇਹ ਗੱਲਾਂ। ਮੇਰੀ ਮਾਂ ਤੇ ਮਾਮੀ ਆਪਣੇ ਦੁਖ ਸੁਖ ਸਾਂਝੇ ਕਰਦੀਆਂ।
ਪਰ ਅਫ਼ਸੋਸ ਕਿ ਉੱਥੇ ਜਾਣਾ ਕਦੋਂ ਆਖ਼ਰੀ ਹੋ ਗਿਆ, ਇਹ ਪਤਾ ਹੀ ਨਹੀਂ ਲੱਗਿਆ। ਮਾਮੀ ਜੀ ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਗਏ। ਦੋ ਤਿੰਨ ਸਾਲ ਬਿਮਾਰੀ ਨਾਲ ਜੂਝਦੇ ਰਹੇ ਤੇ ਨਾਲ ਸਾਰਾ ਪਰਿਵਾਰ ਵੀ। ਘਰ ਦਾ ਅੱਧਾ ਟੱਬਰ ਬੱਚਿਆਂ ਦੀ ਪੜ੍ਹਾਈ ਲਈ ਸ਼ਹਿਰ ਚਲਾ ਗਿਆ ਤੇ ਹੁਣ ਰਹਿ ਗਿਆ ਅੱਧੇ ਟੱਬਰ ’ਚੋਂ ਵੀ ਅੱਧਾ। ਪੁੱਤ ਟਰਾਂਸਪੋਰਟਰ ਹੋਣ ਕਾਰਨ ਬਾਹਰ ਤੇ ਬੱਚੇ ਪੜ੍ਹਾਈਆਂ ਲਈ ਵਿਦੇਸ਼। ਪਿੱਛੇ ਰਹਿ ਗਈਆਂ ਨੂੰਹ ਸੱਸ ਇਕ ਦੂਜੇ ਦੇ ਆਸਰੇ ਉਸ ਡੇਰੇ ਵਿੱਚ ਬਣੇ ਘਰ ਜਿੱਥੇ ਕੋਈ ਹੁਣ ਗੁਆਂਢ ਵੀ ਨਹੀਂ ਸੀ, ਪਤਾ ਨਹੀਂ ਕਿਵੇਂ ਰਹੀ ਜਾ ਰਹੀਆਂ ਸਨ।
ਮਾਮੀ ਜੀ ਦੀ ਬਿਮਾਰੀ ਦੇ ਆਖ਼ਰੀ ਦੋ ਤਿੰਨ ਮਹੀਨੇ ਉਨ੍ਹਾਂ ਦੀ ਨੂੰਹ ਨੇ ਜੋ ਸੇਵਾ ਨਿਭਾਈ ਹਰ ਆਏ ਗੲੇ ਨੂੰ ਵੀ ਬਿਨਾਂ ਮੱਥੇ ਵੱਟ ਪਾਇਆਂ, ਉਹ ਮਿਸਾਲ ਦੇਣ ਦੇ ਕਾਬਲ ਏ।
ਏਨੇ ਹੌਸਲੇ ਨਾਲ ਉਸ ਵਕਤ ਨੂੰ ਕੱਟਣਾ ਵਾਕਈ ਮੁਸ਼ਕਿਲ ਸੀ। ਵੈਸੇ ਕੁਦਰਤੀ ਉਸ ਘਰ ਦੀਆਂ ਸਾਰੀਆਂ ਨੂੰਹਾਂ ਬਹੁਤ ਸ਼ੀਲ, ਆਓਭਗਤ ਕਰਨ ਵਾਲੀਆਂ ਮਿਲੀਆਂ ਤੇ ਕੁਝ ਪਰਿਵਾਰ ਦੇ ਸੰਸਕਾਰਾਂ ਕਾਰਨ ਚੰਗੀਆਂ ਹੋ ਗਈਆਂ। ਅੱਜਕੱਲ੍ਹ ਇਹ ਘੱਟ ਦੇਖਣ ਨੂੰ ਮਿਲਦਾ ਹੈ, ਪਰ ਮੇਰੇ ਨਾਨਕੇ ਪਰਿਵਾਰ ਵਿੱਚ ਪੁਰਾਣੀਆਂ ਕੀ ਤੇ ਨਵੀਆਂ ਕੀ, ਸਭ ਪੁਰਾਣੀ ਪਿਆਰ ਸਤਿਕਾਰ ਦੀ ਰੀਤ ਨੂੰ ਨਿਭਾ ਰਹੀਆਂ ਹਨ। ਮੈਨੂੰ ਅੱਜ ਵੀ ਇਹ ਮਹਿਸੂਸ ਹੁੰਦਾ।
ਤੇ ਇਹ ਵੀ ਮਹਿਸੂਸ ਹੁੰਦਾ ਕਿ ਮਾਮੀ ਦੇ ਤੁਰ ਜਾਣ ਪਿੱਛੋਂ ਉਸ ਘਰ ਨੂੰ ਵੀ ਤਾਲਾ ਲੱਗ ਗਿਆ। ਹੁਣ ਉਸ ਕੱਚੇ ਪਹੇ ’ਤੇ ਉੱਗਿਆ ਘਾਹ ਹੋਰ ਵੀ ਸੰਘਣਾ ਹੋ ਜਾਵੇਗਾ। ਉਹ ਵੀ ਪਹਿਲੇ ਘਰ ਦੀ ਤਰ੍ਹਾਂ ਹੌਲੀ ਹੌਲੀ ਆਪਣਾ ਵਜੂਦ ਗੁਆ ਲਵੇਗਾ। ਮੇਰੇ ਵਰਗੇ ਅਹਿਸਾਸ ਉਸ ਘਰ ਦੀਆਂ ਧੀਆਂ ਦੇ ਤੇ ਮੇਰੀ ਮਾਂ ਦੇ ਵੀ ਜ਼ਰੂਰ ਹੋਣਗੇ ਜਿਸ ਨੇ ਪਹਿਲਾਂ ਮਾਂ, ਫੇਰ ਭਰਜਾਈਆਂ ਤੇ ਭਰਾਵਾਂ ਦੇ ਤੁਰ ਜਾਣ ਪਿੱਛੋਂ ਹੁਣ ਬੰਦ ਦਰਵਾਜ਼ੇ ਤੇ ਢਹਿੰਦੇ ਬਨੇਰੇ ਵੇਖੇ ਸਨ। ਉਨ੍ਹਾਂ ਦੇ ਮਾਂ ਪਿਓ ਦਾ ਤੇ ਮੇਰੇ ਨਾਨਕਿਆਂ ਦਾ ਘਰ ਸੀ। ਤੇ ਹੁਣ ਮੈਂ ਉੱਥੇ ਦੀ ਵੀਰਾਨੀ ਵੇਖਣ ਦਾ ਹੌਸਲਾ ਕਦੇ ਨਹੀਂ ਕਰ ਸਕਣਾ।
– ਜਸਪਾਲ ਕੌਰ