ਨਵੀਂ ਦਿੱਲੀ, 6 ਮਈ
ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਥਿਤ ਹਿੱਤਾਂ ਦੇ ਟਕਰਾਅ ਮਾਮਲੇ ਨੂੰ ਬੀਸੀਸੀਆਈ ਵੱਲੋਂ ‘ਹੱਲ ਯੋਗ’ ਕਰਾਰ ਦੇਣ ਦੀ ਦਲੀਲ ਨੂੰ ਖਾਰਜ ਕਰਦਿਆਂ ਕਿਹਾ ਕਿ ‘ਮੌਜੂਦਾ ਹਾਲਾਤ’ ਲਈ ਭਾਰਤੀ ਕ੍ਰਿਕਟ ਬੋਰਡ ਹੀ ਜ਼ਿੰਮੇਵਾਰ ਹੈ। ਤੇਂਦੁਲਕਰ ’ਤੇ ਦੋਸ਼ ਹੈ ਕਿ ਉਹ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਦੇ ਨਾਲ-ਨਾਲ ਮੁੰਬਈ ਇੰਡੀਅਨਜ਼ ਦੇ ‘ਆਈਕਨ’ ਹੋਣ ਕਾਰਨ ਦੂਹਰੀ ਭੂਮਿਕਾ ਨਿਭਾਅ ਰਿਹਾ ਹੈ, ਜੋ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ।
ਤੇਂਦੁਲਕਰ ਨੇ ਇਸ ਮਾਮਲੇ ਵਿੱਚ ਬੀਸੀਸੀਆਈ ਦੇ ਨੈਤਿਕ ਅਧਿਕਾਰੀ ਡੀਕੇ ਜੈਨ ਨੂੰ 13 ਬਿੰਦੂਆਂ ਦਾ ਆਪਣਾ ਜਵਾਬ ਸੌਂਪਿਆ ਹੈ। ਉਸ ਨੇ ਬੇਨਤੀ ਕੀਤੀ ਹੈ ਕਿ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੂੰ ਬੁਲਾ ਕੇ ਇਸ ਮਸਲੇ ’ਤੇ ‘ਉਸ ਦੀ ਸਥਿਤੀ ਸਪਸ਼ਟ’ ਕੀਤੀ ਜਾਵੇ। ਸੀਏਸੀ ਦੇ ਤਿੰਨਾਂ ਮੈਂਬਰਾਂ ਤੇਂਦੁਲਕਰ, ਸੌਰਭ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਨੂੰ ਬੋਰਡ ਦੇ ਲੋਕਪਾਲ ਅਤੇ ਨੈਤਿਕ ਅਧਿਕਾਰੀ ਡੀਕੇ ਜੈਨ ਨੇ ਨੋਟਿਸ ਜਾਰੀ ਕੀਤਾ ਸੀ, ਪਰ ਤਿੰਨਾਂ ਨੇ ਆਪਣੇ ਹਲਫ਼ਨਾਮਿਆਂ ਵਿੱਚ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਤੇਂਦੁਕਲਰ ਨੇ ਦਸਵੇਂ, 11ਵੇਂ ਤੇ 12ਵੇਂ ਬਿੰਦੂ ’ਤੇ ਲਿਖਿਆ ਹੈ, ‘‘ਕਿਸੇ ਪੱਖਪਾਤ ਤੋਂ ਬਿਨਾਂ ਨੋਟਿਸ ਪ੍ਰਾਪਤ ਕਰਤਾ (ਤੇਂਦੁਲਕਰ) ਇਸ ਗੱਲ ਤੋਂ ਹੈਰਾਨ ਹੈ ਕਿ ਉਸ ਨੂੰ ਸੀਏਸੀ ਮੈਂਬਰ ਬਣਾਉਣ ਦਾ ਫ਼ੈਸਲਾ ਬੀਸੀਸੀਆਈ ਨੇ ਹੀ ਲਿਆ ਸੀ ਅਤੇ ਹੁਣ ਉਹ ਹੀ ਇਸ ਨੂੰ ਹਿੱਤਾਂ ਦੇ ਟਕਰਾਅ ਦਾ ਮਾਮਲਾ ਦੱਸ ਰਹੇ ਹਨ।’’