ਨਵੀਂ ਦਿੱਲੀ/ਮੁੰਬਈ, ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਆਪਣੇ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨੈਤਿਕ ਅਧਿਕਾਰੀ ਡੀ.ਕੇ. ਜੈਨ ਦੇ ਸਾਹਮਣੇ ਪੇਸ਼ ਹੋਇਆ। ਪ੍ਰਸ਼ਾਸਕਾਂ ਦੀ ਕਮੇਟੀ ਨੇ ਹਾਲਾਂਕਿ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ ਉਦਹਾਰਨ ਦੇ ਕੇ ਇਸ ਮੁੱਦੇ ਨੂੰ ਨਰਮ ਕਰਨ ਦੀ ਕੋਸ਼ਿਸ਼ ਕੀਤੀ।
ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਉਮਰ ਭਰ ਲਈ ਮੈਂਬਰ ਸੰਜੀਵ ਗੁਪਤਾ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਸੀ ਕਿ ਦ੍ਰਾਵਿੜ ਨੇ ਕੌਮੀ ਕ੍ਰਿਕਟ ਅਕਾਦਮੀ (ਐੱਨਸੀਏ) ਦੇ ਕ੍ਰਿਕਟ ਡਾਇਰੈਕਟਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਇੰਡੀਆ ਸੀਮਿੰਟਸ (ਆਈਪੀਐੱਲ ਫਰੈਂਚਾਇਜ਼ੀ ਚੇਨੱਈ ਸੁਪਰ ਕਿੰਗਜ਼ ਦੇ ਮਾਲਕ) ਤੋਂ ਛੁੱਟੀ ਲਈ ਹੈ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ। ਪਤਾ ਲੱਗਿਆ ਹੈ ਕਿ ਸੀਓਏ ਨੇ ਦ੍ਰਾਵਿੜ ਦਾ ਸਮਰਥਨ ਕੀਤਾ ਹੈ ਅਤੇ ਇਸ ਦੇ ਮੁਖੀ ਸਾਬਕਾ ਸੀਏਜੀ ਵਿਨੋਦ ਰਾਏ ਨੇ ਨੈਤਿਕ ਅਧਿਕਾਰੀ ਨੂੰ ਪੱਤਰ ਲਿਖ ਕੇ ਦੋ ਉਦਹਾਰਨਾਂ ਦਿੱਤੀਆਂ ਹਨ ਜਦੋਂ ਕਿਸੇ ਵਿਅਕਤੀ ਦੇ ਕਿਸੇ ਸੰਸਥਾ ਤੋਂ ਛੁੱਟੀ ’ਤੇ ਹੋਣ ਨੂੰ ਉਸ ਦੇ ਮੌਜੂਦਾ ਅਹੁਦੇ ਨਾਲ ਹਿੱਤਾਂ ਦੇ ਟਕਰਾਅ ਵਜੋਂ ਨਹੀਂ ਦੇਖਿਆ ਗਿਆ।
ਭਾਰਤੀ ਕ੍ਰਿਕਟ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਪੀਟੀਆਈ ਨੂੰ ਦੱਸਿਆ ਕਿ ਸੀਓਏ ਮੁਖੀ ਨੇ ਸੁਣਵਾਈ ਤੋਂ ਪਹਿਲਾਂ ਇਕ ਨੋਟ ਲਿਖਿਆ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਦ੍ਰਾਵਿੜ ਨੇ ਛੁੱਟੀ ਲਈ ਹੈ ਤਾਂ ਉਸ ਦਾ ਹਿੱਤਾਂ ਦਾ ਟਕਰਾਅ ਨਹੀਂ ਹੈ। ਉਨ੍ਹਾਂ ਨੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ ਉਦਹਾਰਨ ਦਿੱਤਾ ਜਿਨ੍ਹਾਂ ਨੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਆਪਣੀ ਸਿੱਖਿਅਕ ਦੀ ਭੂਮਿਕਾ ਤੋਂ ਛੁੱਟੀ ਲਈ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ੍ਰੀ ਰਾਏ ਨੇ ਅਰਵਿੰਦ ਪਨਗੜ੍ਹੀਆ ਦਾ ਉਦਹਾਰਨ ਵੀ ਦਿੱਤਾ। ਨੀਤੀ ਆਯੋਗ ਦੇ ਸਾਬਕਾ ਮੀਤ ਪ੍ਰਧਾਨ ਵੀ ਕੋਲੰਬੀਆ ਯੂਨੀਵਰਸਿਟੀ ਤੋਂ ਛੁੱਟੀ ਲੈ ਕੇ ਆਏ ਸਨ। ਇਨ੍ਹਾਂ ਦੋਹਾਂ ਹੀ ਮਾਮਲਿਆਂ ’ਚ ਉਕਤ ਵਿਅਕਤੀ ਬੇਹੱਦ ਸੰਵੇਦਨਸ਼ੀਲ ਸਰਕਾਰੀ ਅਹੁਦਿਆਂ ’ਤੇ ਸਨ ਅਤੇ ਆਪਣੇ ਪਿਛਲੀ ਸੰਸਥਾ ਤੋਂ ਕੋਈ ਤਨਖ਼ਾਹ ਨਹੀਂ ਲੈ ਰਹੇ ਸਨ।
ਅਧਿਕਾਰੀ ਨੇ ਕਿਹਾ ਕਿ ਸੀਓਏ ਦਾ ਮੰਨਣਾ ਹੈ ਕਿ ਜੇਕਰ ਦ੍ਰਾਵਿੜ ਨੇ ਐਲਾਨ ਕੀਤਾ ਹੈ ਅਤੇ ਇੰਡੀਆ ਸੀਮਿੰਟਸ ਤੋਂ ਕੋਈ ਤਨਖ਼ਾਹ ਨਹੀਂ ਲੈ ਰਿਹਾ ਹੈ ਤਾਂ ਉਸ ਦਾ ਹਿੱਤਾਂ ਦਾ ਟਕਰਾਅ ਨਹੀਂ ਹੈ। ਹਾਲਾਂਕਿ ਸੀਓਏ ਦੇ ਪੱਤਰ ਦੇ ਬਾਵਜੂਦ ਦ੍ਰਾਵਿੜ ਨੂੰ ਸੁਣਵਾਈ ਲਈ ਸੱਦਣਾ ਜੈਨ ਦਾ ਵਿਸ਼ੇਸ਼ਅਧਿਕਾਰ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਪਾਕਿ ਸਾਫ਼ ਹੋਣ ਲਈ ਦ੍ਰਾਵਿੜ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਜਾ ਸਕਦਾ ਹੈ। ਨਵੇਂ ਨਿਯਮਾਂ ਅਨੁਸਾਰ ਭਾਰਤੀ ਕ੍ਰਿਕਟ ਬੋਰਡ ਨੈਤਿਕ ਅਧਿਕਾਰੀ ਦੇ ਨਿਰਦੇਸ਼ਾਂ ਨੂੰ ਰਸਮੀ ਤੌਰ ’ਤੇ ਜਨਤਕ ਨਹੀਂ ਕਰੇਗਾ। ਸਿਰਫ਼ ਲੋਕਪਾਲ ਦੇ ਫ਼ੈਸਲੇ ਨੂੰ ਜਨਤਕ ਕੀਤਾ ਜਾਵੇਗਾ।
ਭਾਰਤੀ ਕ੍ਰਿਕਟ ਬੋਰਡ ਦੇ ਸਾਬਕਾ ਮੀਡੀਆ ਅਧਿਕਾਰੀ ਮਯੰਕ ਪਾਰਿਖ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਮਾਮਲੇ ’ਚ ਅੱਗੇ ਦੀ ਸੁਣਵਾਈ ਤੋਂ ਪਹਿਲਾਂ ਨੈਤਿਕ ਅਧਿਕਾਰੀ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਜਵਾਬ ਦੇਣ ਲਈ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਹੈ। ਪਾਰਿਖ ਕਥਿਤ ਤੌਰ ’ਤੇ ਮੁੰਬਈ ਕ੍ਰਿਕਟ ਐਸੋਸੀਏਸ਼ਨ ’ਚ ਛੇ ਕਲੱਬ ਚਾਹੁੰਦੇ ਹਨ।