ਹੱਸਦੇ ਖੇਡਦੇ ਮਿੱਤਰਾਂ ਦੀ ਸੁਰ ਗੰਭੀਰ ਹੋ ਚੱਲੀ ਸੀ। ‘‘ਦੇਖੋ ਬਈ! ਹੁਣ ਜਾਤ-ਪਾਤ ਦੀਆਂ ਗੱਲਾਂ ਤਾਂ ਪੁਰਾਣੀਆਂ ਹੋ ਚੁੱਕੀਆਂ ਨੇ।’’ ਰਾਜਬੀਰ ਨੇ ਪੰਜਾਬ ਦੇ ਸੰਦਰਭ ਵਿੱਚ ਗੱਲ ਸਪਸ਼ਟ ਕਰਦਿਆਂ ਆਖਿਆ।

‘‘ਹਾਂ! ਹੁਣ ਤਾਂ ਆਪਣੇ ਮੁਲਕ ’ਚ ਬੱਸ ਦੋ ਈ ਮਸਲੇ ਗੰਭੀਰ ਨੇ, ਇਕ ਫ਼ਿਰਕਾਪ੍ਰਸਤੀ ਤੇ ਦੂਸਰਾ ਭ੍ਰਿਸ਼ਟਾਚਾਰ।’’ ਜਤਿੰਦਰ ਨੇ ਦਲੀਲ ਦੇ ਘੋੜੇ ਦੀ ਲਗਾਮ ਫੜਦਿਆਂ ਆਪਣਾ ਪੱਖ ਪੇਸ਼ ਕੀਤਾ।

‘‘ਹਾਂ ਠੀਕ ਐ! ਫ਼ਿਰਕਾਪ੍ਰਸਤੀ ਤੇ ਭ੍ਰਿਸ਼ਟਾਚਾਰ ਦੋ ਅਹਿਮ ਮੁੱਦੇ ਨੇ, ਪਰ ਇਸ ਤੋਂ ਵੀ ਗੰਭੀਰ ਸਮੱਸਿਆ ਆਪਣੇ ਮੁਲਕ ’ਚ ਔਰਤ ਦੇ ਸ਼ੋਸ਼ਣ ਦੀ ਹੈ।’’ ਪਰਵੀਨ ਨੇ ਸਮੱਸਿਆਵਾਂ ਦੀ ਗਹਿਰਾਈ ਵਿੱਚ ਉਤਰਦਿਆਂ ਇੱਕ ਹੋਰ ਅਹਿਮ ਮਸਲੇ ਦੀ ਗੱਲ ਕੀਤੀ।

ਚਾਹ ਦੀਆਂ ਚੁਸਕੀਆਂ ਨਾਲ ਬਹਿਸ ਹੋਰ ਸੰਜੀਦਾ ਹੋ ਚੱਲੀ ਸੀ।

‘‘ਮੇਰਾ ਖ਼ਿਆਲ ਐ ਜੇਕਰ ਆਪਣੇ ਮੁਲਕ ’ਚੋਂ ਫ਼ਿਰਕਾਪ੍ਰਸਤੀ, ਭ੍ਰਿਸ਼ਟਾਚਾਰ ਤੇ ਔਰਤ ’ਤੇ ਅੱਤਿਆਚਾਰ ਜਿਹੇ ਮਸਲੇ ਖ਼ਤਮ ਹੋ ਜਾਣ ਤਾਂ ਆਪਣਾ ਦੇਸ਼ ਬਹੁਤ ਤਰੱਕੀ ਕਰ ਸਕਦੈ, ਪਰ ਜਿਵੇਂ ਤੁਸੀ ਪਹਿਲਾਂ ਜਾਤ-ਪਾਤ ਬਾਰੇ ਗੱਲ ਕੀਤੀ ਸੀ ਮੇਰਾ ਮੰਨਣਾ ਹੈ ਕਿ ਇਹ ਕੋਈ ਏਡੀ ਖ਼ਾਸ ਸਮੱਸਿਆ ਨਹੀਂ… ਘੱਟੋ ਘੱਟ ਆਪਣੇ ਪੰਜਾਬ ਵਿਚ ਤਾਂ…।’’

ਚਾਹ ਪੀ ਕੇ ਗੱਲਬਾਤ ਕਰਦੇ ਤਿੰਨੋਂ ਮਿੱਤਰ ਦੁਕਾਨ ’ਚੋਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਦੋ ਬੀਬੀਆਂ ਦਾੜ੍ਹੀਆਂ ਵਾਲੇ ਆਦਮੀ ਇੱਕ ਨਰਮ ਜਿਹੇ ਸੋਹਣੇ ਸੁਨੱਖੇ ਮੋਨੇ ਮੁੰਡੇ ਨੂੰ ਕੁਟਾਪਾ ਚਾੜ੍ਹ ਰਹੇ ਸਨ ਅਤੇ ਉੱਚੀ ਉੱਚੀ ਬੋਲ ਕੇ ਗਾਲ੍ਹਾਂ ਵੀ ਕੱਢ ਰਹੇ ਸਨ, ‘‘ਕੁੱਤਿਆ! ਤੂੰ ਸਾਡੀ ਕੁੜੀ ਨਾਲ ਮੈਰਿਜ ਕਰਵਾਉਣ ਦੀ ਹਿੰਮਤ ਕਿਵੇਂ ਕੀਤੀ ਕੁਜਾਤੇ…?’’

– ਸੁਖਮਿੰਦਰ ਸੇਖੋਂ