ਮੁੰਬਈ:ਅਦਾਕਾਰ ਆਲੂ ਅਰਜੁਨ ਨੂੰ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਲਈ ਕਈ ਪੇਸ਼ਕਸ਼ਾਂ ਆਈਆਂ, ਪਰ ਉਹ ਹਾਲੇ ਸਹੀ ਸਕ੍ਰਿਪਟ ਦੀ ਉਡੀਕ ਕਰ ਰਿਹਾ ਹੈ ਕਿਉਂਕਿ ਹਿੰਦੀ ਫਿਲਮ ਜਗਤ ਵਿੱਚ ਪੈਰ ਰੱਖਣ ਦਾ ਫ਼ੈਸਲਾ ਉਸ ਲਈ ਬਹੁਤ ਹੀ ਮਹੱਤਵਪੂਰਨ ਹੈ। ਤੇਲਗੂ ਫਿਲਮਾਂ ਦੇ ਉੱਘੇ ਸਟਾਰ ਆਲੂ ਅਰਜੁਨ ਨੇ ਇਹ ਜਾਣਕਾਰੀ ਇੱਕ ਇੰਟਰਵਿਊ ਦੌਰਾਨ ਸਾਂਝੀ ਕੀਤੀ। ਅਦਾਕਾਰ ਨੇ ਕਿਹਾ, ‘ਮੈਨੂੰ ਹਿੰਦੀ ਸਿਨੇਮਾ ਨਾਲ ਪਿਆਰ ਹੈ, ਮੈਂ ਹਿੰਦੀ ਫਿਲਮਾਂ ਦੇਖਦਾ ਹੋਇਆ ਹੀ ਵੱਡਾ ਹੋਇਆ ਹਾਂ ਤੇ ਯਕੀਨੀ ਤੌਰ ’ਤੇ ਮੈਂ ਹਿੰਦੀ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਹਾਂ। ਇਹ ਫ਼ੈਸਲਾ ਮੇਰੇ ਜੀਵਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ, ਇਸ ਲਈ ਮੈਂ ਸਭ ਤੋਂ ਸਹੀ ਕਹਾਣੀ ਦੀ ਹੀ ਚੋਣ ਕਰਨਾ ਚਾਹੁੰਦਾ ਹਾਂ। ਮੈਨੂੰ ਹੁਣ ਤੱਕ ਕਈ ਪੇਸ਼ਕਸ਼ਾਂ ਆਈਆਂ ਹਨ, ਪਰ ਹਾਲੇ ਤੱਕ ਕੋਈ ਖਾਸ ਜਾਂ ਖਿੱਚ ਪਾਉਣ ਵਾਲੀ ਕਹਾਣੀ ਨਹੀਂ ਮਿਲ ਸਕੀ।’ 39 ਸਾਲਾ ਅਦਾਕਾਰ ਨੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਉਹ ਜਦੋਂ ਵੀ ਹਿੰਦੀ ਫਿਲਮਾਂ ਵਿੱਚ ਕੰਮ ਕਰੇ ਤਾਂ ਉਹ ਫਿਲਮ ਵੀ ਉਸ ਦੀਆਂ ਪਿਛਲੀਆਂ ਤੇਲਗੂ ਫਿਲਮਾਂ ਵਾਂਗ ਵੱਡਾ ਪ੍ਰਾਜੈਕਟ ਹੋਵੇ।