ਨਵੀਂ ਦਿੱਲੀ, 23 ਜੁਲਾਈ
ਭਾਰਤੀ ਅਥਲੈਟਿਕਸ ਦੇ ‘ਹਾਈ ਪਰਫਾਰਮੈਂਸ’ ਨਿਰਦੇਸ਼ਕ ਵੋਲਕਰ ਹਰਮਨ ਦਾ ਮੰਨਣਾ ਹੈ ਕਿ ਯੂਰੋਪ ਵਿੱਚ ਤਿੰਨ ਹਫ਼ਤੇ ਵਿੱਚ ਪੰਜ ਤਗ਼ਮੇ ਜਿੱਤਣ ਵਾਲੀ ਸਟਾਰ ਦੌੜਾਕ ਹਿਮਾ ਦਾਸ ਆਪਣੇ ਸਰਵੋਤਮ ਪ੍ਰਦਰਸ਼ਨ ਦੇ ਕਰੀਬ ਹੈ। 19 ਸਾਲ ਦੀ ਹਿਮਾ ਨੇ ਪੋਲੈਂਡ ਅਤੇ ਚੈੱਕ ਗਣਰਾਜ ਵਿੱਚ ਦੋ ਜੁਲਾਈ ਮਗਰੋਂ 200 ਮੀਟਰ ਵਿੱਚ ਚਾਰ ਅਤੇ 400 ਮੀਟਰ ਦੇ ਇੱਕ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ ਹਨ। ਇਸ ਦੌਰਾਨ ਉਸ ਨੇ ਆਪਣੇ ਸਮੇਂ ਵਿੱਚ ਵੀ ਸੁਧਾਰ ਕੀਤਾ ਹੈ।
ਹਰਮਨ ਨੇ ਕਿਹਾ, ‘‘ਹਿਮਾ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਜੇਕਰ ਤੁਸੀਂ 50 ਸੈਕਿੰਡ ਤੋਂ ਘੱਟ ਸਮੇਂ ਵਿੱਚ ਦੌੜ (400 ਮੀਟਰ) ਪੂਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 22.80 ਸੈਕਿੰਡ ਵਿੱਚ ਦੌੜ (200 ਮੀਟਰ) ਪੂਰੀ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ।’’ ਹਿਮਾ ਨੇ 20 ਜੁਲਾਈ ਨੂੰ 400 ਮੀਟਰ ਵਿੱਚ 52.09 ਸੈਕਿੰਡ ਦੇ ਸੈਸ਼ਨ ਦੇ ਸਰਵੋਤਮ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ ਸੀ। ਹਿਮਾ ਨੇ 26 ਸਤੰਬਰ ਤੋਂ ਛੇ ਅਕਤੂਬਰ ਤੱਕ ਦੋਹਾ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ 200 ਮੀਟਰ ਜਾਂ 400 ਮੀਟਰ ਦੇ ਦੌੜ ਮੁਕਾਬਲੇ ਲਈ ਕੁਆਲੀਫਾਈ ਨਹੀਂ ਕਰ ਸਕੀ, ਜਦੋਂਕਿ ਪੁਰਸ਼ ਵਰਗ ਵਿੱਚ ਮੁਹੰਮਦ ਅਨਸ ਨੇ 400 ਮੀਟਰ ਮੁਕਾਬਲੇ ਵਿੱਚ ਕੌਮੀ ਰਿਕਾਰਡ ਨਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਥਾਂ ਬਣਾਈ।
ਜਰਮਨੀ ਦੇ ਹਰਮਨ ਨੇ ਕਿਹਾ ਕਿ ਟੋਕੀਓ ਓਲੰਪਿਕ ਲਈ 25 ਤੋਂ 30 ਭਾਰਤੀ ਅਥਲੀਟ ਕੁਆਲੀਫਾਈ ਕਰ ਸਕਦੇ ਹਨ। ਉਸ ਨੇ ਕਿਹਾ, ‘‘ਪੁਰਸ਼ਾਂ ਅਤੇ ਮਹਿਲਾਵਾਂ ਦੀ 400 ਮੀਟਰ ਰਿਲੇਅ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਅੱਠ ਅਥਲੀਟ ਸਿੱਧੇ ਕੁਆਲੀਫਾਈ ਕਰ ਲੈਣਗੇ ਅਤੇ ਸਾਡੇ ਲਈ ਸ਼ਾਇਦ ਇਹ ਸਭ ਤੋਂ ਆਸਾਨ ਤਰੀਕਾ ਹੋਵੇਗਾ। ਜੈਵਲਿਨ ਅਤੇ 400 ਮੀਟਰ ਦੌੜ ਵਿੱਚ ਵੀ ਅਸੀਂ ਚੰਗੀ ਸਥਿਤੀ ਵਿੱਚ ਹਾਂ।’’ ਉਸ ਨੇ ਕਿਹਾ, ‘‘ਟੋਕੀਓ ਓਲੰਪਿਕ ਵਿੱਚ ਹਾਲੇ ਇੱਕ ਸਾਲ ਦਾ ਸਮਾਂ ਹੈ। ਸਾਨੂੰ ਆਪਣੀਆਂ ਕਮਜੋਰੀਆਂ ਅਤੇ ਮਜ਼ਬੂਤ ਪਹਿਲੂਆਂ ’ਤੇ ਕੰਮ ਕਰਨਾ ਹੋਵੇਗਾ ਤਾਂ ਕਿ ਅਥਲੀਟ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣ। ਸਾਨੂੰ 2024 ਅਤੇ 2028 ਓਲੰਪਿਕ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ।’’