ਸ਼ਿਮਲਾ, 19 ਅਗਸਤ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ ਵਿੱਚ ਮੀਂਹ ਕਰਕੇ ਹੋਏ ਵੱਡੇ ਨੁਕਸਾਨ ਨੂੰ ਸੂਬਾਈ ਸੰਕਟ ਐਲਾਨ ਦਿੱਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਰਾਜ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚ ਆਈ ਆਫ਼ਤ ਨੂੰ ਕੌਮੀ ਬਿਪਤਾ ਐਲਾਨੇ ਜਾਣ ਦੀ ਮੰਗ ਕੀਤੀ ਸੀ ਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਜਵਾਬ ਦੀ ਉਡੀਕ ਹੈ। ਪਹਾੜੀ ਰਾਜ ਵਿੱਚ ਐਤਵਾਰ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਰਾਜਧਾਨੀ ਸ਼ਿਮਲਾ ਸਣੇ ਕਈ ਜ਼ਿਲ੍ਹਿਆਂ ਵਿੱਚ ਢਿੱਗਾਂ ਡਿੱਗਣ ਕਰਕੇ ਵੱਡਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹਤ ਕਾਰਜ ਜਾਰੀ ਹਨ ਅਤੇ ਸੂਬਾ ਸਰਕਾਰ ਪੀੜਤ ਪਰਿਵਾਰਾਂ, ਖਾਸ ਕਰਕੇ ਅਜਿਹੇ ਲੋਕ ਜਿਨ੍ਹਾਂ ਦੇ ਘਰ-ਬਾਹਰ ਤੇ ਹੋਰ ਸਰੋਤ ਹੜ੍ਹਾਂ ਤੇ ਢਿੱਗਾਂ ਡਿੱਗਣ ਕਰਕੇ ਨੁਕਸਾਨੇ ਗਏ ਹਨ, ਦੀ ਮਦਦ ਲਈ ਹਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਕੇਂਦਰੀ ਟੀਮਾਂ ਨੁਕਸਾਨ ਦੀ ਸਮੀਖਿਆ ਦੀ ਪੜਤਾਲ ਕਰ ਰਹੀਆਂ ਹਨ ਤੇ ਸਾਨੂੰ ਕੇਂਦਰ ਸਰਕਾਰ ਤੋਂ ਸਮੇਂ ਸਿਰ ਮਦਦ ਦੀ ਲੋੜ ਹੈ।’’ ਸੁੱਖੂ ਨੇ ਕਿਹਾ ਕਿ ਮੀਂਹ ਕਰਕੇ ਅਨੁਮਾਨਿਤ 10000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਸਮਰ ਹਿੱਲ ਵਿੱਚ ਸ਼ਿਵ ਮੰਦਰ ਦੇ ਮਲਬੇ ਵਿਚੋਂ ਇਕ ਹੋਰ ਲਾਸ਼ ਮਿਲਣ ਨਾਲ ਹਿਮਾਚਲ ਵਿੱਚ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 75 ਹੋ ਗਈ ਹੈ ਤੇ ਇਨ੍ਹਾਂ ਵਿਚੋਂ 22 ਮੌਤਾਂ ਇਕੱਲੀਆਂ ਸ਼ਿਮਲਾ ਵਿੱਚ ਜ਼ਮੀਨ ਖਿਸਕਣ ਦੀਆਂ ਤਿੰਨ ਪ੍ਰਮੁੱਖ ਘਟਨਾਵਾਂ ਵਿਚ ਹੋਈਆਂ ਹਨ। ਮੰਦਿਰ ਦੇ ਮਲਬੇ ਹੇਠ ਅਜੇ ਵੀ 6 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਹਿਮਾਚਲ ਵਿੱਚ 24 ਜੂਨ ਨੂੰ ਮੌਨਸੂਨ ਦੀ ਆਮਦ ਮਗਰੋਂ ਹੁਣ ਤੱਕ 217 ਵਿਅਕਤੀ ਮੌਤ ਦੇ ਮੂੰਹ ਪੈ ਚੁੱਕੇ ਹਨ ਜਦੋਂਕਿ 11,301 ਘਰ ਆਰਜ਼ੀ ਜਾਂ ਮੁਕੰਮਲ ਰੂਪ ਵਿੱਚ ਤਬਾਹ ਹੋ ਗਏ ਹਨ। ਕਾਂਗੜਾ ਜ਼ਿਲ੍ਹੇ ਵਿਚ ਪਿਛਲੇ ਤਿੰਨ ਦਿਨਾਂ ਦੌਰਾਨ 2074 ਲੋਕਾਂ ਨੂੰ ਹੜ੍ਹ ਦੀ ਮਾਰ ਹੇਠ ਆਏ ੲਿਲਾਕਿਆਂ ’ਚੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਵਿਧਾਇਕਾਂ ਨੂੰ ‘ਲੈਡ’ ਫੰਡ ਖਰਚਣ ਦੀਆਂ ਸ਼ਰਤਾਂ ਵਿੱਚ ਛੋਟ ਦਿੱਤੀ ਹੈ। ਵਿਧਾਇਕ ਹੁਣ ਡਰੇਨੇਜ਼ ਤੇ ਕੰਧਾਂ ਦੀ ਉਸਾਰੀ ਜਿਹੇ ਪ੍ਰਾਜੈਕਟਾਂ ਲਈ ਸਾਲਾਨਾ 2.10 ਕਰੋੜ ਰੁਪਏ ਦੇ ਫੰਡ ਵਰਤ ਸਕਣਗੇ।