* ਸੂਬੇ ਦੀਆਂ 752 ਸੜਕਾਂ ਬੰਦ
* ਅੱਜ ਲਈ ਯੈਲੋ ਅਲਰਟ ਜਾਰੀ
ਸ਼ਿਮਲਾ, 15 ਅਗਸਤ
ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਦਾ ਕਹਿਰ ਅੱਜ ਵੀ ਜਾਰੀ ਹੈ ਅਤੇ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਘੱਟੋ-ਘੱਟ 51 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ’ਚੋਂ 14 ਵਿਅਕਤੀ ਸ਼ਿਮਲਾ ਨਾਲ ਸਬੰਧਤ ਹਨ। ਸੋਲਨ ਤੇ ਮੰਡੀ ਜ਼ਿਲ੍ਹੇ ’ਚ ਦੋ ਪਰਿਵਾਰਾਂ ਦੇ ਸੱਤ-ਸੱਤ ਜੀਅ ਹਲਾਕ ਹੋ ਗਏ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਸੂਬੇ ’ਚ ਭਲਕੇ 15 ਅਗਸਤ ਲਈ ਯੈਲੋ ਅਲਰਟ ਜਾਰੀ ਕਰਦਿਆਂ 18 ਅਗਸਤ ਤੱਕ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।
ਸ਼ਿਮਲਾ ਦੇ ਸਮਰ ਹਿੱਲ ਇਲਾਕੇ ’ਚ ਸ਼ਿਵ ਮੰਦਿਰ ਦੇ ਮਲਬੇ ਹੇਠ ਦਬਣ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਸਾਉਣ ਦਾ ਮਹੀਨਾ ਹੋਣ ਕਾਰਨ ਹਾਦਸੇ ਸਮੇਂ ਮੰਦਰ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ। ਸੂਬੇ ਦੀ ਰਾਜਧਾਨੀ ’ਚ ਢਿੱਗਾਂ ਖਿਸਕਣ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੌਕੇ ਦਾ ਦੌਰਾ ਕਰਦਿਆਂ ਦੱਸਿਆ ਕਿ ਸਮਰ ਹਿੱਲ ਇਲਾਕੇ ’ਚ ਇੱਕ ਸ਼ਿਵ ਮੰਦਰ ਤੇ ਫਾਗਲੀ ਇਲਾਕੇ ’ਚ ਇੱਕ ਹੋਰ ਥਾਂ ’ਤੇ ਢਿੱਗਾਂ ਖਿਸਕੀਆਂ ਹਨ ਅਤੇ ਹੁਣ ਤੱਕ ਮਲਬੇ ਹੇਠੋਂ ਨੌਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਫਾਗਲੀ ਇਲਾਕੇ ’ਚ ਕਈ ਮਕਾਨ ਮਿੱਟੀ ’ਚ ਧਸ ਗਏ ਹਨ ਅਤੇ ਇੱਥੇ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਤੇ 17 ਲੋਕਾਂ ਨੂੰ ਬਚਾਇਆ ਗਿਆ ਹੈ। ਭਾਰੀ ਮੀਂਹ ਕਾਰਨ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਸੂਬੇ ਦੇ ਐਮਰਜੈਂਸੀ ਵਿਭਾਗ ਨੇ ਦੱਸਿਆ ਭਾਰੀ ਮੀਂਹ ਕਾਰਨ ਸੂਬੇ ’ਚ ਸ਼ਿਮਲਾ-ਚੰਡੀਗੜ੍ਹ ਕੌਮੀ ਮਾਰਗ ਤੇ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਸਮੇਤ 752 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੋਲਨ ਜ਼ਿਲ੍ਹੇ ਦੇ ਜਾਦੋਨ ਪਿੰਡ ’ਚ ਬੱਦਲ ਫਟਣ ਕਾਰਨ ਲੰਘੀ ਰਾਤ ਨੂੰ ਇੱਕ ਹੀ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਬੱਦਲ ਫਟਣ ਤੋਂ ਬਾਅਦ ਦੋ ਮਕਾਨ ਢਹਿ ਗਏ। ਹਾਦਸੇ ’ਚ ਛੇ ਲੋਕਾਂ ਨੂੰ ਬਚਾ ਲਿਆ ਗਿਆ ਜਦਕਿ ਸੱਤ ਹੋਰਾਂ ਦੀ ਮੌਤ ਹੋ ਗਈ। ਸੋਲਨ ਦੇ ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖ਼ਤ ਹਰਨਾਮ (38), ਕਮਲ ਕਿਸ਼ੋਰ (35), ਹੇਮਲਤਾ (34) ਰਾਹੁਲ (14), ਨੇਹਾ (12), ਗੋਲੂ (8) ਅਤੇ ਰਕਸ਼ਾ (12) ਵਜੋਂ ਹੋਈ ਹੈ। ਸੋਲਨ ਦੇ ਡਿਪਟੀ ਕਮਿਸ਼ਨਰ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੀ ਬਲੇਰਾ ਪੰਚਾਇਤ ’ਚ ਇੱਕ ਝੌਂਪੜੀ ’ਤੇ ਪਹਾੜ ਦਾ ਮਲਬਾ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਰਾਮ ਸ਼ਹਿਰ ਤਹਿਸੀਲ ਦੇ ਬਨਾਲ ਪਿੰਡ ’ਚ ਇੱਕ ਹੋਰ ਮਹਿਲਾ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਸੁੱਖੂ ਨੇ ਸ਼ਿਮਲਾ ਦੇ ਸਮਰ ਹਿੱਲ ਇਲਾਕੇ ’ਚ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਕਿਹਾ ਕਿ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਹਮੀਰਪੁਰ ਦੇ ਡਿਪਟੀ ਕਮਿਸ਼ਨਰ ਹੇਮਰਾਜ ਬੇਰਵਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਮੋਹਲੇਧਾਰ ਮੀਂਹ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਲਾਪਤਾ ਹਨ। ਮੰਡੀ ਦੇ ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ 19 ਵਿਅਕਤੀਆਂ ਦੀ ਮੌਤ ਹੋਈ ਹੈ।
ਉਨ੍ਹਾਂ ਕਿਹਾ ਕਿ ਸੇਘਲੀ ਪੰਚਾਇਤ ’ਚ ਲੰਘੀ ਦੇਰ ਰਾਤ ਢਿੱਗਾਂ ਖਿਸਕਣ ਦੀ ਘਟਨਾ ’ਚ ਇੱਕ ਹੀ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ ਜਿਨ੍ਹਾਂ ’ਚ ਦੋ ਸਾਲ ਦਾ ਬੱਚਾ ਵੀ ਸ਼ਾਮਲ ਹੈ। ਲੰਘੀ ਸ਼ਾਮ ਤੋਂ ਕਾਂਗੜਾ ’ਚ 273 ਐੱਮਐੱਮ, ਧਰਮਸ਼ਾਲਾ ਵਿੱਚ 250, ਸੁੰਦਰ ਨਗਰ ’ਚ 168, ਮੰਡੀ ’ਚ 140, ਜੱਬਾਰਹੱਟੀ ’ਚ 132, ਸ਼ਿਮਲਾ ’ਚ 126 ਤੇ ਨਾਹਨ ’ਚ 107 ਐੱਮਐੱਮ ਮੀਂਹ ਪਿਆ ਹੈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਿਮਾਚਲ ’ਚ ਹੋਈਆਂ ਮੌਤਾਂ ਲਈ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ’ਚ ਬਚਾਅ ਕਾਰਜਾਂ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ।