ਸ਼ਿਮਲਾ, 6 ਮਾਰਚ
ਧਾਰਮਿਕ ਸਦਭਾਵਨਾ ਦਾ ਸੰਦੇਸ਼ ਦੇਣ ਲਈ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਵਿੱਚ ਮੰਦਰ ਕੰਪਲੈਕਸ ਵਿੱਚ ਮੁਸਲਿਮ ਜੋੜੇ ਦਾ ਇਸਲਾਮੀ ਰੀਤੀ ਰਿਵਾਜਾਂ ਅਨੁਸਾਰ ਵਿਆਹ ਹੋਇਆ। ਇਹ ਵਿਆਹ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਚਲਾਏ ਜਾ ਰਹੇ ਠਾਕੁਰ ਸਤਿਆਨਾਰਾਇਣ ਮੰਦਰ ਦੇ ਕੰਪਲੈਕਸ ਵਿੱਚ ਹੋਇਆ। ਇਸ ਮੌਕੇ ਮੁਸਲਿਮ ਅਤੇ ਹਿੰਦੂ ਭਾਈਚਾਰਿਆਂ ਦੇ ਲੋਕ ਇਕੱਠੇ ਹੋਏ। ਨਿਕਾਹ ਮੌਲਵੀ, ਗਵਾਹ ਅਤੇ ਵਕੀਲ ਦੀ ਮੌਜੂਦਗੀ ਵਿੱਚ ਕੀਤਾ ਗਿਆ। ਸਤਿਆਨਾਰਾਇਣ ਮੰਦਰ ਕੰਪਲੈਕਸ ਵੀਐੱਚਪੀ ਅਤੇ ਆਰਐੱਸਐੱਸ ਦਾ ਜ਼ਿਲ੍ਹਾ ਦਫ਼ਤਰ ਹੈ। ਠਾਕੁਰ ਸਤਿਆਨਾਰਾਇਣ ਮੰਦਰ ਟਰੱਸਟ ਰਾਮਪੁਰ ਦੇ ਜਨਰਲ ਸਕੱਤਰ ਵਿਨੈ ਸ਼ਰਮਾ ਨੇ ਦੱਸਿਆ, ‘ਵੀਐੱਚਪੀ ਤੇ ਆਰਐੱਸਐੱਸ ਮੰਦਰ ਅਤੇ ਜ਼ਿਲ੍ਹਾ ਦਫ਼ਤਰ ਨੂੰ ਚਲਾਉਂਦੀ ਹੈ। ਵੀਐੱਚਪੀ ਅਤੇ ਆਰਐੱਸਐੱਸ ‘ਤੇ ਅਕਸਰ ਮੁਸਲਿਮ ਵਿਰੋਧੀ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ ਪਰ ਇੱਥੇ ਮੁਸਲਿਮ ਜੋੜੇ ਨੇ ਵਿਆਹ ਕਰਵਾ ਲਿਆ। ਇਹ ਦਰਸਾਉਂਦਾ ਹੈ ਕਿ ਸਨਾਤਨ ਧਰਮ ਹਮੇਸ਼ਾ ਸਾਰਿਆਂ ਨੂੰ ਅੱਗੇ ਵਧਣ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰੇਰਿਤ ਕਰਦਾ ਹੈ।’