ਸ਼ਿਮਲਾ, 13 ਸਤੰਬਰ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕੇਂਦਰ ਸਰਕਾਰ ਨੂੰ ਰਾਜਨੀਤੀ ਤੋਂ ਉੱਪਰ ਉਠ ਕੇ ਆਫ਼ਤ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਦੀ ਮਦਦ ਕਰਨ ਦੀ ਅਪੀਲ ਕੀਤੀ। ਪ੍ਰਿਯੰਕਾ ਨੇ ਕੁੱਲੂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੌਰਾ ਕਰਕੇ ਰਾਹਤ ਤੇ ਮੁਰੰਮਤ ਕਾਰਜਾਂ ਦੀ ਸਮੀਖਿਆ ਕੀਤੀ।

ਉਨ੍ਹਾਂ ਕਿਹਾ ਕਿ ਸੂਬੇ ’ਚ ਲੋਕ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਮੀਂਹ ਕਾਰਨ ਖਰਾਬ ਹੋ ਚੁੱਕੀਆਂ ਤੇ ਢਿੱਗਾਂ ਖਿਸਕਣ ਕਾਰਨ ਬੰਦ ਪਈਆਂ ਸੜਕਾਂ ਨੂੰ ਦਰੁਸਤ ਕਰਨ ਲਈ ਵੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਇਸੇ ਭਾਵਨਾ ਨਾਲ ਪਾਰਟੀ ਰਾਜਨੀਤੀ ਤੋਂ ਉੱਪਰ ਉਠ ਕੇ ਮਦਦ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਇਸ ਗੱਲ ’ਤੇ ਵਿਚਾਰ ਨਹੀਂ ਕਰਨਾ ਚਾਹੀਦਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ। ਕਾਂਗਰਸ ਆਗੂ ਨੇ ਕੁੱਲੂ ਤੋਂ ਮਨਾਲੀ ਜਾਂਦੇ ਸਮੇਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਿਸ ਵਿੱਚ ਭੁੰਤਰ ਦਾ ਸੰਗਮ ਪੁਲ ਵੀ ਸ਼ਾਮਲ ਹੈ ਜੋ ਜੁਲਾਈ ’ਚ ਭਾਰੀ ਮੀਂਹ ਤੋਂ ਬਾਅਦ ਬਿਆਸ ਨਦੀ ’ਚ ਆਏ ਹੜ੍ਹਾਂ ਕਾਰਨ ਨੁਕਸਾਨਿਆ ਗਿਆ ਸੀ। ਉਨ੍ਹਾਂ ਮਨਾਲੀ ਦੇ ਆਲੂ ਮੈਦਾਨ ’ਚ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪ੍ਰਿਯੰਕਾ ਗਾਂਧੀ ਸਵੇਰੇ ਕੁੱਲੂ ਦੇ ਭੁੰਤਰ ਹਵਾਈ ਅੱਡੇ ’ਤੇ ਪਹੁੰਚੀ। ਆਪਣੀ ਯਾਤਰਾ ਦੌਰਾਨ ਉਨ੍ਹਾਂ ਕਾਂਗਰਸ ਕਾਰਕੁਨਾਂ ਤੇ ਸਥਾਨਕ ਕਿਸਾਨਾਂ ਨਾਲ ਸੇਬ ਉਤਪਾਦਨ, ਟਰਾਂਸਪੋਰਟ ਤੇ ਬਕਸਿਆਂ ਦੀ ਕੀਮਤਾਂ ਨੂੰ ਲੈ ਕੇ ਚਰਚਾ ਕੀਤੀ। ਕਾਂਗਰਸ ਨੇ ਹਾਲ ਹੀ ਵਿੱਚ ਦੋਸ਼ ਲਾਇਆ ਸੀ ਕਿ ਅਡਾਨੀ ਸਮੂਹ ਵੱਲੋਂ ਖਰੀਦ ਮੁੱਲ ਜਾਰੀ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ’ਚ ਸੇਬ ਦੀਆਂ ਪੇਟੀਆਂ ਇੱਕ ਤਿਹਾਈ ਦਰਾਂ ’ਤੇ ਵੇਚੀਆਂ ਜਾ ਰਹੀਆਂ ਹਨ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨਾਲ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਵੀ ਸਨ।