ਨਵੀਂ ਦਿੱਲੀ, 9 ਦਸੰਬਰ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨਾਲ ਪਾਰਟੀ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਦੱਸੀ ਜਾ ਰਹੀ ਹੈ। ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਅਤੇ ਮੌਜੂਦਾ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਮੁਕੇਸ਼ ਅਗਨੀਹੋਤਰੀ ਵੀ ਇਸ ਦੌੜ ਵਿੱਚ ਸ਼ਾਮਲ ਹਨ। ਕਾਂਗਰਸ ਲਈ ਚੁਣੌਤੀ ਮੁੱਖ ਮੰਤਰੀ ਦੇ ਅਹੁਦੇ ਲਈ ਅਜਿਹੇ ਨੇਤਾ ਨੂੰ ਚੁਣਨਾ ਹੈ ਜੋ ਪਾਰਟੀ ਨੂੰ ਅੱਗੇ ਲੈ ਕੇ ਜਾ ਸਕੇ ਅਤੇ ਇਸ ਨੂੰ ਇਕਮੁੱਠ ਰੱਖ ਸਕੇ। ਕਾਂਗਰਸ ਨੇ ਸ਼ੁੱਕਰਵਾਰ ਨੂੰ ਇੱਥੇ ਆਪਣੇ ਸਾਰੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਬੈਠਕ ਬੁਲਾਈ ਹੈ ਅਤੇ ਇਸ ਬੈਠਕ ‘ਚ ਕਾਂਗਰਸ ਵਿਧਾਇਕ ਦਲ (ਸੀਐੱਲਪੀ) ਦਾ ਨੇਤਾ ਚੁਣਨ ਲਈ ਕਾਂਗਰਸ ਪ੍ਰਧਾਨ ਨੂੰ ਅਧਿਕਾਰਤ ਕਰਨ ਵਾਲਾ ਮਤਾ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ। ਉਂਝ ਪ੍ਰਤਿਭਾ ਸਿੰਘ ਨੇ ਵਿਧਾਨ ਸਭਾ ਦੀ ਚੋਣ ਨਹੀਂ ਲੜੀ ਤੇ ਉਹ ਮੰਡੀ ਤੋਂ ਸੰਸਦ ਮੈਂਬਰ ਹਨ ਪਰ ਉਨ੍ਹਾਂ ਨੇ ਚੋਣ ਲਈ ਵਿਆਪਕ ਪ੍ਰਚਾਰ ਕੀਤਾ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਮੰਡੀ ਤੋਂ ਲੋਕ ਸਭਾ ਉਪ ਚੋਣ ਜਿੱਤੀ ਸੀ। ਪ੍ਰਤਿਭਾ ਸਿੰਘ ਦੇ ਨਾਲ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵਿਰਾਸਤ ਵੀ ਹੈ, ਜਿਨ੍ਹਾਂ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਸੂਬੇ ਵਿੱਚ ਕਾਂਗਰਸ ਦੀ ਅਗਵਾਈ ਕੀਤੀ।