ਮੰਡੀ, 25 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਭਾਜਪਾ ਯੂਥ ਵਿੰਗ ਦੀ ਰੈਲੀ ਨੂੰ ਵੀਡੀਓ-ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਹਿਮਾਚਲ ਦੇ ਵੋਟਰਾਂ ਨੇ ਰਾਜ ਵਿਚ ਭਾਜਪਾ ਸਰਕਾਰ ਨੂੰ ਦੁਹਰਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਯੂਪੀ ਤੇ ਉੱਤਰਾਖੰਡ ਵਿਚ ਕੁਝ ਮਹੀਨੇ ਪਹਿਲਾਂ ਲੋਕਾਂ ਨੇ ਭਾਜਪਾ ਸਰਕਾਰ ਮੁੜ ਲਿਆਂਦੀ ਹੈ, ਉਸੇ ਤਰ੍ਹਾਂ ਹਿਮਾਚਲ ਵਿਚ ਵੀ ਭਾਜਪਾ ਦੀ ਸਰਕਾਰ ਮੁੜ ਬਣੇਗੀ। ਦੱਸਣਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਮੰਡੀ ਜਾ ਕੇ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਖ਼ਰਾਬ ਮੌਸਮ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਰੈਲੀ ਸਥਾਨ ਉਤੇ ਨਹੀਂ ਪਹੁੰਚ ਸਕਿਆ। ਮੋਦੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵੋਟਰ ਹਰ ਪੰਜ ਸਾਲ ਬਾਅਦ ਸਰਕਾਰ ਬਦਲ ਦਿੰਦੇ ਸਨ, ਪਰ ਹੁਣ ਉਹ ਅਜਿਹਾ ਨਹੀਂ ਕਰਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਹਿਮਾਚਲ ਦੇ ਨੌਜਵਾਨਾਂ ਨੇ ਵੀ ਭਾਜਪਾ ਸਰਕਾਰ ਮੁੜ ਲਿਆਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਨੌਜਵਾਨ ਜਾਣਦੇ ਹਨ ਕਿ ਭਾਜਪਾ ਸਥਿਰ ਸਰਕਾਰ ਦੇ ਸਕਦੀ ਹੈ ਤੇ ਸੂਬੇ ਦੇ ਵਿਕਾਸ ਲਈ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਹਾਕਿਆਂ ਤੱਕ ਮੁਲਕ ਵਿਚ ਗੱਠਜੋੜ ਸਰਕਾਰਾਂ ਬਣਦੀਆਂ ਰਹੀਆਂ। ਇਸ ਨਾਲ ਲੋਕਾਂ ਦੇ ਮਨ ਵਿਚ ਸ਼ੱਕ ਪੈਦਾ ਹੁੰਦਾ ਸੀ ਕਿ ਕਈ ਪਾਰਟੀਆਂ ਨਾਲ ਬਣੀ ਸਰਕਾਰ ਅੱਧਵਾਟੇ ਹੀ ਡਿੱਗ ਪਵੇਗੀ। ਜਦਕਿ ਅੱਠ ਸਾਲ ਪਹਿਲਾਂ 2014 ਵਿਚ ਵੋਟਰਾਂ ਨੇ ਕੇਂਦਰ ਵਿਚ ਇਕ ਮਜ਼ਬੂਤ ਤੇ ਸਥਿਰ ਸਰਕਾਰ ਚੁਣੀ। ਜ਼ਿਕਰਯੋਗ ਹੈ ਕਿ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੰਡੀ ਦੇ ਪੱਡਲ ਮੈਦਾਨ ਵਿਚ ‘ਯੁਵਾ ਵਿਜੈ ਸੰਕਲਪ ਰੈਲੀ’ ਰੱਖੀ ਗਈ ਸੀ। ਮੰਡੀ ਸੂਬੇ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਜੱਦੀ ਜ਼ਿਲ੍ਹਾ ਵੀ ਹੈ। ਮੋਦੀ ਨੇ ਇਸ ਮੌਕੇ ਕਿਹਾ ਕਿ ਹਿਮਾਚਲ ਉਨ੍ਹਾਂ ਤਿੰਨ ਸੂਬਿਆਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਫਾਰਮਾ ਹੱਬ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਡਰੋਨ ਨੀਤੀ ਬਣਾਉਣ ਵਿਚ ਹੋਰਨਾਂ ਰਾਜਾਂ ਦੀ ਅਗਵਾਈ ਕਰ ਰਿਹਾ ਹੈ।