ਸ਼ਿਮਲਾ, 9 ਦਸੰਬਰ
ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਵਿੱਚ ਇੱਕ ਫ਼ੀਸਦੀ ਤੋਂ ਘੱਟ ਵੋਟ ਨੇ ਅਹਿਮ ਭੂਮਿਕਾ ਨਿਭਾਈ। ਕਾਂਗਰਸ ਨੇ ਸੂਬੇ ਦੀਆਂ 68 ਵਿੱਚੋਂ 40 ਸੀਟਾਂ ’ਤੇ ਜਿੱਤ ਦਰਜ ਕਰ ਕੇ 43.90 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਪਹਾੜੀ ਸੂਬੇ ਦੇ ਲੋਕਾਂ ਨੇ 1985 ਤੋਂ ਹਰ ਪੰਜ ਸਾਲ ਮਗਰੋਂ ਸੂਬਾ ਸਰਕਾਰ ਨੂੰ ਬਦਲਣ ਦੀ ਆਪਣੀ ਰਵਾਇਤ ਨੂੰ ਕਾਇਮ ਰੱਖਦਿਆਂ ਭਾਜਪਾ ਖ਼ਿਲਾਫ਼ ਫਤਵਾ ਦਿੱਤਾ ਹੈ। ਭਾਜਪਾ 43 ਫ਼ੀਸਦੀ ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ ਸਿਰਫ਼ 25 ਸੀਟਾਂ ਹੀ ਜਿੱਤ ਸਕੀ। ਵੀਰਵਾਰ ਨੂੰ ਐਲਾਨੇ ਨਤੀਜਿਆਂ ਵਿੱਚ ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ।