ਔਕਲੈਂਡ, 8 ਫਰਵਰੀ
ਪਹਿਲੇ ਟੀ-20 ਮੈਚ ਵਿਚ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਟੀਮ ਇੰਡੀਆ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟੀ-20 ਮੈਚ ਵਿਚ ਜਿੱਤ ਨਾਲ ਲੜੀ ਵਿਚ ਵਾਪਸੀ ਕਰਨ ਲਈ ਸੰਘਰਸ਼ ਕਰੇਗੀ। ਬੁੱਧਵਾਰ ਨੂੰ ਭਾਰਤੀ ਟੀਮ ਨੂੰ ਟੀ-20 ਕ੍ਰਿਕਟ ਵਿਚ ਦੌੜਾਂ ਦੇ ਅੰਤਰ ਨਾਲ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਤੋਂ 24 ਘੰਟੇ ਬਾਅਦ ਹੀ ਦੂਜੇ ਮੈਚ ਲਈ ਉੱਤਰਨ ਵਾਲੀ ਭਾਰਤੀ ਟੀਮ ਕੋਲ ਹਾਰ ਦੇ ਕਾਰਨਾਂ ਨੂੰ ਵਿਚਾਰਨ ਦਾ ਵੀ ਸਮਾਂ ਨਹੀਂ ਹੈ। ਪਹਿਲੇ ਮੈਚ ਵਿਚ ਕੁੱਝ ਵੀ ਟੀਮ ਦੇ ਪੱਖ ਵਿਚ ਨਹੀਂ ਰਿਹਾ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਸੀ।
ਪਹਿਲੇ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਨਿਊਜ਼ੀਲੈਂਡ ਨੇ 219 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਲਿਆ। ਸਲਾਮੀ ਬੱਲੇਬਾਜ਼ ਟਿਮ ਸੀਫਰਟ ਨੇ ਭਾਰਤੀ ਗੇਂਦਬਾਜ਼ੀ ਦੇ ਬਖੀਏ ਉਧੇੜਦਿਆਂ 43 ਗੇਂਦਾਂ ਵਿਚ 84 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੂੰ ਉਸ ਦੇ ਟਾਕਰੇ ਲਈ ਰਣਨੀਤੀ ਬਣਾਉਣੀ ਹੋਵੇਗੀ। ਭੁਵਨੇਸ਼ਵਰ ਕੁਮਾਰ, ਹਾਰਦਿਕ ਪਾਂਡਿਆ ਅਤੇ ਯੁਜਵੇਂਦਰ ਚਾਹਲ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਚਾਈਨਾਮੈਨ ਕੁਲਦੀਪ ਯਾਦਵ ਨੂੰ ਉਤਰਿਆ ਜਾ ਸਕਦਾ ਹੈ। ਵੱਡੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 80 ਦੌੜਾਂ ਨਾਲ ਹਾਰ ਗਈ।
ਪਹਿਲਾ ਮੈਚ ਹਾਰਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਸੀ, ‘ਅਸੀਂ ਆਸ ਅਨੁਸਾਰ ਟੀਚੇ ਦਾ ਪਿੱਛਾ ਨਹੀ ਕਰ ਸਕੇ ਤੇ ਸਾਨੂੰ ਹਰ ਹਾਲਤ ਵਿਚ ਟੀਚੇ ਦਾ ਪਿੱਛਾ ਕਰਨਾ ਚਾਹੀਦਾ ਸੀ, ਜਿਸ ਵਿਚ ਅਸੀਂ ਕਾਮਯਾਬ ਨਹੀਂ ਹੋ ਸਕੇ।’ ਹੁਣ ਦੂਜੇ ਮੈਚ ਵਿਚ ਰੋਹਿਤ ਮੋਰਚੇ ਦੀ ਅਗਵਾਈ ਕਰਨਾ ਚਾਹੇਗਾ,ਜੋ ਕਿ ਉਸ ਦੀ ਕਪਤਾਨੀ ਲਈ ਚੁਣੌਤੀ ਹੈ। ਦੂਜੇ ਪਾਸੇ ਰਿਸ਼ਵ ਪੰਤ ਜੋ ਕਿ ਵਿਸ਼ਵ ਕੱਪ ਵਿਚ ਥਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ, ਵੀ ਵੱਡੀ ਪਾਰੀ ਖੇਡਣ ਦੀ ਤਾਕ ਵਿਚ ਹੈ। ਹਰਫ਼ਨਮੌਲਾ ਵਿਜੈ ਸ਼ੰਕਰ ਨੇ 18 ਗੇਂਦਾਂ ਵਿਚ 27 ਦੌੜਾਂ ਬਣਾਈਆਂ ਹਨ। ਹੁਣ ਇਹ ਦੇਖਣਾ ਹੈ ਕਿ ਉਸਨੂੰ ਇੱਕ ਹੋਰ ਮੌਕਾ ਮਿਲਦਾ ਹੈ ਜਾਂ ਟੀਮ ਪ੍ਰਬੰਧਕ ਸ਼ੁਭਮਨ ਗਿੱਲ ਨੂੰ ਉਤਾਰਦੇ ਹਨ।
ਦੂਜੇ ਪਾਸੇ ਕੀਵੀ ਕਪਤਾਨ ਕੇਨ ਵਿਲੀਅਮਸਨ ਟੀਮ ਦੇ ਪਹਿਲੇ ਮੈਚ ਦੇ ਪ੍ਰਦਰਸ਼ਨ ਤੋਂ ਬੇਹੱਦ ਖੁਸ਼ ਹੋਣਗੇ ਅਤੇ ਉਹ ਜਿੱਤ ਦੇ ਗ਼ਰੂਰ ਵਿਚੋਂ ਨਿਕਲ ਕੇ ਲੜੀ ਜਿੱਤਣ ਉੱਤੇ ਆਪਣਾ ਧਿਆਨ ਦੇਣਗੇ।