ਨਵੀਂ ਦਿੱਲੀ, 2 ਅਪਰੈਲ
ਸੁਪਰੀਮ ਕੋਰਟ ਵੱਲੋਂ ਨਿਯੁਕਤ ਬੀਸੀਸੀਆਈ ਦੇ ਲੋਕਪਾਲ ਜਸਟਿਸ (ਸੇਵਾਮੁਕਤ) ਡੀਕੇ ਜੈਨ ਨੇ ਟੀਵੀ ਚੈਟ ਸ਼ੋਅ ਦੌਰਾਨ ਔਰਤਾਂ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਸੁਣਵਾਈ ਲਈ ਭਾਰਤੀ ਖਿਡਾਰੀਆਂ ਹਾਰਦਿਕ ਪੰਡਿਆ ਅਤੇ ਲੋਕੇਸ਼ ਰਾਹੁਲ ਨੂੰ ਨੋਟਿਸ ਭੇਜੇ ਹਨ।
ਇਸ ਇਤਰਾਜ਼ਯੋਗ ਟਿੱਪਣੀ ਮਗਰੋਂ ਪ੍ਰਸ਼ਾਸਕਾਂ ਦੀ ਕਮੇਟੀ ਨੇ ਪੰਡਿਆ ਅਤੇ ਰਾਹੁਲ ਨੂੰ ਅਣਮਿਥੇ ਸਮੇਂ ਤੱਕ ਮੁਅੱਤਲ ਕਰ ਦਿੱਤਾ ਸੀ, ਪਰ ਬਾਅਦ ਵਿੱਚ ਲੋਕਪਾਲ ਵੱਲੋਂ ਜਾਂਚ ਜਾਰੀ ਰਹਿਣ ਤੱਕ ਪਾਬੰਦੀ ਹਟਾ ਦਿੱਤੀ ਗਈ ਸੀ। ਜਸਟਿਸ ਜੈਨ ਨੇ ਅੱਜ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੈਂ ਬੀਤੇ ਹਫ਼ਤੇ ਹਾਰਦਿਕ ਪੰਡਿਆ ਅਤੇ ਲੋਕੇਸ਼ ਰਾਹੁਲ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਸੁਣਵਾਈ ਲਈ ਪੇਸ਼ ਹੋਣ ਨੂੰ ਕਿਹਾ ਹੈ।’’ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਦੋਵਾਂ ਖਿਡਾਰੀਆਂ ਦੀ ਪੇਸ਼ੀ ਲਈ ਬੀਸੀਸੀਆਈ ਆਈਪੀਐਲ ਫਰੈਂਚਾਇਜ਼ੀਆਂ ਮੁੰਬਈ ਇੰਡੀਅਨਜ਼ ਤੇ ਕਿੰਗਜ਼ ਇਲੈਵਨ ਪੰਜਾਬ ਨਾਲ ਕਿਵੇਂ ਤਾਲਮੇਲ ਕਰੇਗਾ। ਪਤਾ ਚੱਲਿਆ ਹੈ ਕਿ ਦੋਵੇਂ ਟੀਮਾਂ ਵਿਚਾਲੇ ਮੁੰਬਈ ਵਿੱਚ 11 ਅਪਰੈਲ ਨੂੰ ਹੋਣ ਵਾਲੇ ਆਈਪੀਐਲ ਮੈਚ ਤੋਂ ਪਹਿਲਾਂ ਦੋਵੇਂ ਸੁਣਵਾਈ ਲਈ ਪੇਸ਼ ਹੋ ਸਕਦੇ ਹਨ।