ਲੁਸਾਨੇ, 6 ਫਰਵਰੀ
ਭਾਰਤ ਸਣੇ ਛੇ ਦੇਸ਼ਾਂ ਨੇ ਅਗਲੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਕੌਮਾਂਤਰੀ ਹਾਕੀ ਸੰਘ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤ ਨੇ 13 ਤੋਂ 29 ਜਨਵਰੀ 2023 ਤੱਕ ਮਹਿਲਾ ਜਾਂ ਪੁਰਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਦਾਅਵਾ ਕੀਤਾ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਵੀ ਇਸੇ ਵਿੰਡੋ ਨੂੰ ਚੁਣਿਆ ਹੈ।
ਭਾਰਤ ਤਿੰਨ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਚੁੱਕਿਆ ਹੈ, ਜਿਨ੍ਹਾਂ ਵਿੱਚ ਆਖ਼ਰੀ ਵਾਰ ਭੁਬਨੇਸ਼ਵਰ ਵਿੱਚ ਪਿਛਲੇ ਸਾਲ ਵਿਸ਼ਵ ਕੱਪ ਹੋਇਆ ਸੀ। ਸਪੇਨ, ਮਲੇਸ਼ੀਆ ਅਤੇ ਜਰਮਨੀ ਨੇ ਪਹਿਲੀ ਤੋਂ 17 ਜੁਲਾਈ 2022 ਦਾ ਵਿੰਡੋ ਚੁਣਿਆ ਹੈ। ਐਫਆਈਐਚ ਨੇ ਇੱਕ ਬਿਆਨ ਵਿੱਚ ਕਿਹਾ, ‘‘ਬੋਲੀ ਲਾਉਣ ਵਾਲੇ ਦੇਸ਼ਾਂ ਨੇ 31 ਜਨਵਰੀ 2019 ਤੱਕ ਆਪਣੀ ਦਾਅਵੇਦਾਰੀ ਪੇਸ਼ ਕਰਨੀ ਸੀ। ਉਨ੍ਹਾਂ ਨੂੰ ਦੋ ਵਿੰਡੋ ਪਹਿਲੀ ਤੋਂ 17 ਜੁਲਾਈ 2022 ਅਤੇ 13 ਤੋਂ 29 ਜਨਵਰੀ 2023 ਦੀਆਂ ਦੋ ਵਿੰਡੋ ਦਿੱਤੀਆਂ ਗਈਆਂ ਸਨ।’’
ਐਫਆਈਐਚ ਦਾ ਕਾਰਜਕਾਰੀ ਬੋਰਡ ਇਸ ਸਾਲ ਜੂਨ ਵਿੱਚ ਅੰਤਿਮ ਫ਼ੈਸਲਾ ਲਵੇਗਾ। ਐਫਆਈਐਚ ਸੀਈਓ ਥਿਅਰੀ ਵੈਲ ਨੇ ਕਿਹਾ, ‘‘ਐਫਆਈਐਚ ਨੂੰ ਖ਼ੁਸ਼ੀ ਹੈ ਕਿ ਇੰਨ੍ਹੀਆਂ ਮਜ਼ਬੂਤ ਬੋਲੀਆਂ ਮਿਲੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਟੂਰਨਾਮੈਂਟ ਕਿੰਨਾ ਹਰਮਨ ਪਿਆਰਾ ਹੋ ਰਿਹਾ ਹੈ।’’