ਬੰਗਲੌਰ, ਭਾਰਤੀ ਪੁਰਸ਼ ਹਾਕੀ ਟੀਮ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਵਿੱਚ ਨਿਊਜ਼ੀਲੈਂਡ ਨੂੰ ਅੱਜ ਇਥੇ 4-2 ਨਾਲ ਸ਼ਿਕਸਤ ਦਿੱਤੀ। ਭਾਰਤ ਲਈ ਰੁਪਿੰਦਰ ਪਾਲ ਸਿੰਘ ਨੇ ਦੂਜੇ ਤੇ 34ਵੇਂ ਮਿੰਟ ਵਿੱਚ ਗੋਲ ਕੀਤੇ ਜਦੋਂਕਿ ਮਨਦੀਪ ਸਿੰਘ 15ਵੇਂ ਤੇ ਹਰਮਨਪ੍ਰੀਤ ਸਿੰਘ 38ਵੇਂ ਮਿੰਟ ਵਿੱਚ ਵਿਰੋਧੀ ਫਟਾ ਖੜਕਾਉਣ ਵਿੱਚ ਸਫ਼ਲ ਰਹੇ। ਨਿਊਜ਼ੀਲੈਂਡ ਲਈ ਸਟੀਫਨ ਜੇਨੇਸ ਨੇ 26ਵੇਂ ਤੇ 55ਵੇਂ ਮਿੰਟ ਵਿੱਚ ਗੋਲ ਕੀਤੇ। ਦੂਜਾ ਟੈਸਟ ਸ਼ਨਿੱਚਰਵਾਰ ਨੂੰ ਖੇਡਿਆ ਜਾਵੇਗਾ।
ਭਾਰਤ ਨੂੰ ਸ਼ੁਰੂਆਤੀ ਮਿੰਟ ਵਿੱਚ ਹੀ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਰੁਪਿੰਦਰ ਨੇ ਗੋਲ ਵਿੱਚ ਤਬਦੀਲ ਕਰਨ ’ਚ ਕੋਈ ਭੁੱਲ ਨਹੀਂ ਕੀਤੀ। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਮਗਰੋਂ ਵਾਪਸੀ ਕਰ ਰਹੇ ਰੁਪਿੰਦਰ ਦੇ ਸ਼ਾਟ ਨੂੰ ਨਿਊਜ਼ੀਲੈਂਡ ਦਾ ਗੋਲਕੀਪਰ ਰਿਚਰਡ ਜੌਇਸ ਰੋਕਣ ਵਿੱਚ ਨਾਕਾਮ ਰਿਹਾ। ਨਿਊਜ਼ੀਲੈਂਡ ਨੂੰ ਸੱਤਵੇਂ ਮਿੰਟ ਵਿੱਚ ਬਰਾਬਰੀ ਦਾ ਮੌਕਾ ਮਿਲਿਆ, ਪਰ ਭਾਰਤੀ ਗੋਲਕੀਪਰ ਕ੍ਰਿਸ਼ਨ ਪਾਠਕ ਨੇ ਗੋਲ ਨਹੀਂ ਹੋਣ ਦਿੱਤਾ। ਭਾਰਤ ਲਈ 15ਵੇਂ ਮਿੰਟ ਵਿੱਚ ਮਨਦੀਪ ਨੇ ਦੂਜਾ ਗੋਲ ਕੀਤਾ, ਜਿਸ ਨੂੰ ਮਨਪ੍ਰੀਤ ਸਿੰਘ ਤੋਂ ਕਰਾਸ ਮਿਲਿਆ ਸੀ।
ਦੂਜੇ ਕੁਆਰਟਰ ਵਿੱਚ ਨਿਊਜ਼ੀਲੈਂਡ ਨੇ ਡਿਫੈਂਸ ਮਜ਼ਬੂਤ ਕਰ ਦਿੱਤਾ। ਨਿਊਜ਼ੀਲੈਂਡ ਲਈ 26ਵੇਂ ਮਿੰਟ ਵਿੱਚ ਜੇਨੇਸ ਨੇ ਪਹਿਲਾ ਗੋਲ ਕੀਤਾ। ਹਾਫ਼ ਟਾਈਮ ਮਗਰੋਂ ਫਾਰਵਰਡ ਐਸ.ਵੀ.  ਸੁਨੀਲ ਨੇ ਭਾਰਤ ਨੂੰ ਤੀਜਾ ਪੈਨਲਟੀ ਕਾਰਨਰ ਦਿਵਾਇਆ, ਜਿਸ ਨੂੰ ਰੁਪਿੰਦਰ ਨੇ ਗੋਲ ’ਚ ਬਦਲ ਦਿੱਤਾ।
ਮਗਰੋਂ 38ਵੇਂ ਮਿੰਟ ਵਿੱਚ ਸੁਨੀਲ ਨੇ ਇਕ ਹੋਰ ਪੈਨਲਟੀ ਕਾਰਨਰ ਭਾਰਤ ਦੀ ਝੋਲੀ ਪਾਇਆ, ਜਿਸ ਉੱਤੇ ਹਰਮਨਪ੍ਰੀਤ ਨੇ ਗੋਲ ਕੀਤਾ। ਆਖਰੀ ਕੁਆਰਟਰ ਵਿੱਚ ਨਿਊਜ਼ੀਲੈਂਡ ਨੇ ਉਪਰੋਥੱਲੀ ਹੱਲੇ ਕੀਤੇ ਤੇ ਜੇਨੇਸ ਨੇ ਟੀਮ ਲਈ ਦੂਜਾ ਗੋਲ ਕੀਤਾ।