ਐਂਟਵਰਪ (ਬੈਲਜੀਅਮ), ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਸਪੇਨ ਨੂੰ 5-1 ਗੋਲਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ ਸਪੇਨ ਨੂੰ 2-0 ਅਤੇ 6-1 ਨਾਲ ਹਰਾਇਆ ਸੀ।
ਹਰਮਨਪ੍ਰੀਤ ਨੇ 41ਵੇਂ ਅਤੇ 51ਵੇਂ ਮਿੰਟ ਵਿੱਚ ਗੋਲ ਦਾਗ਼ੇ। ਇਸ ਤੋਂ ਇਲਾਵਾ ਆਕਾਸ਼ਦੀਪ ਸਿੰਘ (ਪੰਜਵੇਂ ਮਿੰਟ), ਐੱਸਵੀ ਸੁਨੀਲ (20ਵੇਂ ਮਿੰਟ) ਅਤੇ ਰਮਨਦੀਪ ਸਿੰਘ (35ਵੇਂ ਮਿੰਟ) ਨੇ ਵੀ ਭਾਰਤ ਵੱਲੋਂ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਤੀਜੇ ਮਿੰਟ ਵਿੱਚ ਹੀ ਟੀਮ 0-1 ਨਾਲ ਪੱਛੜ ਗਈ ਸੀ। ਸਪੇਨ ਨੇ ਆਪਣੇ ਪਹਿਲੇ ਹੀ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਇਗਲੇਸਿਆਸ ਅਲਵਾਰੋ ਦੇ ਗੋਲ ਦੀ ਬਦੌਲਤ ਲੀਡ ਬਣਾ ਲਈ। ਪਹਿਲੇ ਦੋ ਮੈਚਾਂ ਵਿੱਚ ਦੋ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਦੋ ਮਿੰਟ ਮਗਰੋਂ ਹੀ ਆਕਾਸ਼ਦੀਪ ਦੇ ਮੈਦਾਨੀ ਗੋਲ ਨਾਲ ਲੀਡ ਹਾਸਲ ਕੀਤੀ। ਐੱਸਵੀ ਸੁਨੀਲ ਨੇ ਭਾਰਤੀ ਟੀਮ ਵਿੱਚ ਵਾਪਸੀ ਦਾ ਜਸ਼ਨ ਦੂਜੇ ਕੁਆਰਟਰ ਵਿੱਚ ਸ਼ਾਨਦਾਰ ਗੋਲ ਕਰਕੇ ਮਨਾਇਆ ਅਤੇ ਭਾਰਤ ਨੂੰ 2-1 ਨਾਲ ਅੱਗੇ ਕੀਤਾ। ਭਾਰਤੀ ਟੀਮ ਹਾਫ਼ ਤੱਕ 2-1 ਨਾਲ ਅੱਗੇ ਸੀ।
ਭਾਰਤੀ ਟੀਮ ਨੇ ਤੀਜੇ ਕੁਆਰਟਰ ਵਿੱਚ ਕਈ ਚੰਗੇ ਮੌਕੇ ਬਣਾਏ। ਰਮਨਦੀਪ ਨੇ ਇਸ ਮਗਰੋਂ 35ਵੇਂ ਮਿੰਟ ਵਿੱਚ ਭਾਰਤ ਵੱਲੋਂ ਤੀਜਾ ਗੋਲ ਦਾਗ਼ਿਆ। ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ 4-1 ਨਾਲ ਅੱਗੇ ਕੀਤਾ ਅਤੇ ਫਿਰ ਆਖ਼ਰੀ ਕੁਆਰਟਰ ਵਿੱਚ ਇੱਕ ਹੋਰ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਟੀਮ 5-1 ਨਾਲ ਜਿੱਤ ਪੱਕੀ ਕਰ ਦਿੱਤੀ। ਭਾਰਤ ਦੀ ਅਗਲੀ ਟੱਕਰ ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਬੈਲਜੀਅਮ ਨਾਲ ਮੰਗਲਵਾਰ ਨੂੰ ਹੋਵੇਗੀ।